ਮਹਿੰਦਰ ਸਿੰਘ ਰੱਤੀਆਂ/ਹਰਦੀਪ ਸਿੰਘ
ਮੋਗਾ/ਧਰਮਕੋਟ, 1 ਜੁਲਾਈ
ਪਿੰਡ ਫ਼ਤਹਿਗੜ੍ਹ ਕੋਰੋਟਾਣਾ ਵਿੱਚ ਦੇਰ ਰਾਤ ਮੋਟਰਸਾਈਕਲ ਨੂੰ ਟੱਕਰ ਮਾਰਨ ਮਗਰੋਂ ਭਾਰਤ ਮਾਲਾ ਪ੍ਰਾਜੈਕਟ ਤਹਿਤ ਕੰਮ ਕਰ ਰਹੀ ਕੰਪਨੀ ਦਾ ਆਰਐੱਮਸੀ ਮਿੱਲਰ (ਕੰਕਰੀਟ ਮਿਕਸਚਰ) ਟਰੱਕ 40 ਫੁੱਟ ਡੂੰਘੇ ਛੱਪੜ ’ਚ ਡਿੱਗ ਗਿਆ। ਹਾਦਸੇ ’ਚ ਜ਼ਖ਼ਮੀ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਹਾਲਤ ਗੰਭੀਰ ਹੈ। ਦੂਜੇ ਪਾਸੇ ਟਰੱਕ ਚਾਲਕ ਨੂੰ ਦਿਨ ਭਰ ਗੋਤਾਖੋਰ ਛੱਪੜ ’ਚ ਲੱਭਦੇ ਰਹੇ ਪਰ ਉਹ ਰਾਤ ਨੂੰ ਹੀ ਕਿਸੇ ਤਰ੍ਹਾਂ ਟੋਭੇ ’ਚੋਂ ਨਿਕਲ ਕੇ ਹਸਪਤਾਲ ’ਚ ਦਾਖਲ ਹੋ ਗਿਆ। ਥਾਣਾ ਧਰਮਕੋਟ ਤੋਂ ਜਾਂਚ ਅਧਿਕਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਮੋਗਾ-ਧਰਮਕੋਟ ਰੋਡ ਸਥਿਤ ਪਿੰਡ ਫ਼ਤਹਿਗੜ੍ਹ ਕੋਰੋਟਾਣਾ ਵਿੱਚ ਆਰਐੱਮਸੀ ਮਿੱਲਰ (ਕੰਕਰੀਟ ਮਿਕਸਚਰ) ਟਰੱਕ ਧਰਮਕੋਟ ਤੋਂ ਮੋਗਾ ਆ ਰਿਹਾ ਸੀ। ਇਸ ਦੌਰਾਨ ਭੱਠੇ ਤੋਂ ਮਜ਼ਦੂਰੀ ਕਰ ਕੇ ਘਰ ਪਰਤ ਰਹੇ ਤਿੰਨ ਮਜ਼ਦੂਰਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਮਗਰੋਂ ਟਰੱਕ ਸੜਕ ਦੀ ਰੇਲਿੰਗ ਤੋੜ ਕੇ 40 ਫੁੱਟ ਡੂੰਘੇ ਛੱਪੜ ’ਚ ਡਿੱਗ ਗਿਆ। ਹਾਦਸੇ ’ਚ ਮੋਟਰਸਾਈਕਲ ਸਵਾਰ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ।
ਇਕ ਨੌਜਵਾਨ ਦਾ ਪੈਰ ਵੱਢਿਆ ਗਿਆ, ਜਦੋਂਕਿ ਦੋ ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲੀਸ ਅਨੁਸਾਰ ਇਹ ਤਿੰਨੋਂ ਸਥਾਨਕ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹਨ। ਜਾਣਕਾਰੀ ਅਨੁਸਾਰ ਅੱਜ ਤੜਕਸਾਰ ਟਿੱਪਰ ਅਤੇ ਚਾਲਕ ਨੂੰ ਛੱਪੜ ਵਿੱਚੋਂ ਕੱਢਣ ਲਈ ਮੋਗਾ ਦੀ ਸਮਾਜ ਸੇਵਾ ਸੁਸਾਇਟੀ ਨੇ ਕੰਮ ਆਰੰਭਿਆ ਜੋ ਕਈ ਘੰਟੇ ਚੱਲਦਾ ਰਿਹਾ ਪਰ ਟਿੱਪਰ ਚਾਲਕ ਦਾ ਕੁਝ ਪਤਾ ਨਾ ਲੱਗਿਆ। ਦੇਰ ਸ਼ਾਮ ਮੋਗਾ ਦੇ ਰਹਿਣ ਵਾਲੇ ਟਰੱਕ ਮਾਲਕ ਨੇ ਪੁਲੀਸ ਨੂੰ ਦੱਸਿਆ ਕਿ ਚਾਲਕ ਰਾਤ ਨੂੰ ਹੀ ਕਿਸੇ ਤਰ੍ਹਾਂ ਛੱਪੜ ’ਚੋਂ ਨਿਕਲ ਕੇ ਹਸਪਤਾਲ ਦਾਖ਼ਲ ਹੋ ਗਿਆ ਸੀ।