ਖੇਡ ਮੰਤਰਾਲੇ ਹਾਕੀ ਖਿਡਾਰੀਆਂ ਨੂੰ ਹਰ ਮਹੀਨੇ ਦੇਵੇਗਾ 25 ਹਜ਼ਾਰ ਰੁਪਏ ਭੱਤਾ
ਨਵੀਂ ਦਿੱਲੀ, 20 ਜੂਨ
ਖੇਡ ਮੰਤਰਾਲੇ ਨੇ ਆਉਣ ਵਾਲੇ ਅਹਿਮ ਟੂਰਨਾਮੈਂਟਾਂ ਤੋਂ ਪਹਿਲਾਂ ਭਾਰਤੀ ਹਾਕੀ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਵਜੋਂ ਪਹਿਲੀ ਵਾਰ ਹਾਕੀ ਖਿਡਾਰੀਆਂ ਨੂੰ 25,000 ਰੁਪਏ ਪ੍ਰਤੀ ਮਹੀਨਾ ਵਾਧੂ ਭੱਤਾ (ਆਊਟ ਆਫ ਪਾਕੇਟ ਅਲਾਊਂਸ) ਦੇਣ ਨੂੰ ਮਨਜ਼ੂਰੀ ਦਿੱਤੀ ਹੈ। ਬੀਤੇ ਦਿਨ ਹੋਈ ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਦੀ 156ਵੀਂ ਮੀਟਿੰਗ ਵਿੱਚ ‘ਟਾਰਗੇਟ ਓਲੰਪਿਕ ਪੋਡੀਅਮ’ (ਟੀਓਪੀਐੱਸ) ਸਕੀਮ ਤਹਿਤ 80 ਹਾਕੀ ਖਿਡਾਰੀਆਂ ਨੂੰ ਇਹ ਭੱਤਾ ਦੇਣ ਦਾ ਫੈਸਲਾ ਕੀਤਾ ਗਿਆ। ਇਸ ਦੌਰਾਨ ਹੁਨਰ ਪਛਾਣਨ ਲਈ ਐਪ ਲਾਂਚ ਕਰਨ ਦਾ ਵੀ ਐਲਾਨ ਕੀਤਾ ਗਿਆ।
ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਇੱਥੇ ਮੀਡੀਆ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਕਿਹਾ, ‘ਇਸ ਬਾਰੇ ਹਾਕੀ ਇੰਡੀਆ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਸੀ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਹਿਤ 80 ਹਾਕੀ ਖਿਡਾਰੀਆਂ (40 ਪੁਰਸ਼ ਅਤੇ 40 ਮਹਿਲਾ) ਨੂੰ 25,000 ਰੁਪਏ ਪ੍ਰਤੀ ਮਹੀਨਾ ‘ਆਊਟ ਆਫ ਪਾਕੇਟ’ ਭੱਤਾ (ਏਪੀਏ) ਦਿੱਤਾ ਜਾਵੇਗਾ’ ਉਨ੍ਹਾਂ ਕਿਹਾ, ‘ਸਾਡਾ ਉਦੇਸ਼ ਹੈ ਕਿ ਖਿਡਾਰੀ ਆਪਣੇ ਪ੍ਰਦਰਸ਼ਨ ’ਤੇ ਧਿਆਨ ਕੇਂਦਰਿਤ ਕਰਨ ਅਤੇ ਦੇਸ਼ ਲਈ ਤਗਮੇ ਜਿੱਤਣ।’ ਹਾਕੀ ਇੰਡੀਆ ਹਰ ਮਹੀਨੇ ਖਿਡਾਰੀਆਂ ਦੀ ਸੂਚੀ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਨੂੰ ਸੌਂਪੇਗਾ। ਖੇਡ ਮੰਤਰਾਲੇ ਦੇ ਸੂਤਰ ਨੇ ਦੱਸਿਆ ਕਿ ਸੂਚੀ ਵਿੱਚ ਲੈਅ ਅਤੇ ਫਿਟਨੈਸ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਅਤੇ ਇਨ੍ਹਾਂ ਦੋ ਕਾਰਕਾਂ ਦੇ ਆਧਾਰ ’ਤੇ ਨਾਮ ਬਦਲੇ ਜਾ ਸਕਦੇ ਹਨ।
ਮੀਟਿੰਗ ਦੌਰਾਨ ਐੱਮਓਸੀ ਨੇ 4.28 ਕਰੋੜ ਰੁਪਏ ਦੇ ਵਿੱਤੀ ਪ੍ਰਸਤਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਸੇ ਤਰ੍ਹਾਂ ਮੰਤਰਾਲੇ ਨੇ ਆਪਣੀ ਹੁਨਰ ਪਛਾਣ ਪ੍ਰਕਿਰਿਆ ਮਜ਼ਬੂਤ ਕਰਨ ਲਈ ਐਪ ਲਾਂਚ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਨੌਜਵਾਨ ਆਪਣਾ ਪ੍ਰਦਰਸ਼ਨ ਐਪ ’ਤੇ ਅਪਲੋਡ ਕਰ ਸਕਦੇ ਹਨ ਅਤੇ ਸਾਈ ਦੇ ਖੇਤਰੀ ਹੁਨਰ ਪਛਾਣ ਪੈਨਲ ਇਸ ਦਾ ਮੁਲਾਂਕਣ ਕਰਨਗੇ। ਮਾਂਡਵੀਆ ਨੇ ਕਿਹਾ, ‘ਜੇ ਪਹਿਲੀ ਨਜ਼ਰੇ ਨੌਜਵਾਨ ਖੇਡ ਵਿੱਚ ਚੰਗਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਖੇਲੋ ਇੰਡੀਆ ਖੇਤਰੀ ਕੇਂਦਰਾਂ ਵਿੱਚ ਬੁਲਾਇਆ ਜਾਵੇਗਾ।’ -ਪੀਟੀਆਈ