DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧੂੰਆਂ-ਧਾਰ: ਪੰਜਾਬ ’ਚ ਤੰਬਾਕੂ ’ਤੇ ਉੱਡਦੇ ਨੇ ਕਰੋੜਾਂ

ਸੂਬੇ ’ਚ ਤੰਬਾਕੂ ਉਤਪਾਦਾਂ ਦੀ ਰੋਜ਼ਾਨਾ ਔਸਤਨ ਪੌਣੇ ਪੰਜ ਕਰੋੜ ਦੀ ਖਪਤ
  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 1 ਜੁਲਾਈ

Advertisement

ਪੰਜਾਬ ਲਈ ਇਹ ਚਿੰਤਾ ਵਾਲੀ ਗੱਲ ਹੈ ਕਿ ਸੂਬੇ ’ਚ ਰੋਜ਼ਾਨਾ ਔਸਤਨ ਕਰੀਬ ਪੌਣੇ ਪੰਜ ਕਰੋੜ ਰੁਪਏ ਦੇ ਤੰਬਾਕੂ ਦੀ ਖਪਤ ਹੁੰਦੀ ਹੈ। ਹਾਲਾਂਕਿ ਦੇਸ਼ ਵਿੱਚੋਂ ਤੰਬਾਕੂ ਦੀ ਖਪਤ ਵਾਲੇ ਸੂਬਿਆਂ ’ਚ ਹੇਠਲੇ ਥਾਵਾਂ ’ਤੇ ਹੈ ਪ੍ਰੰਤੂ ਪੰਜਾਬ ਦੀ ਸਮਾਜਿਕ-ਧਾਰਮਿਕ ਬਣਤਰ ਤੋਂ ਇਹ ਰੁਝਾਨ ਕਿਸੇ ਪੱਖੋਂ ਸਿਹਤਮੰਦ ਨਹੀਂ। ਪੰਜਾਬ ਸਰਕਾਰ ਸੂਬੇ ਨੂੰ ਤੰਬਾਕੂ ਮੁਕਤ ਕਰਨ ਲਈ ਉਪਰਾਲੇ ਕਰ ਰਹੀ ਹੈ। ਉਂਜ, ਬਹੁਤੇ ਲੋਕਾਂ ਨੇ ਬੀੜੀ ਸਿਗਰਟ ਦੇ ਬਦਲ ਲੱਭ ਲਏ ਹਨ ਜਿਸ ਵਜੋਂ ਗੁਟਕਾ, ਖੈਣੀ ਤੇ ਪਾਨ ਮਸਾਲਾ ਆਦਿ ਦੀ ਖਪਤ ਵਧੀ ਹੈ। ਵੇਰਵਿਆਂ ਅਨੁਸਾਰ ਲੰਘੇ ਅੱਠ ਵਰ੍ਹਿਆਂ ਵਿੱਚ ਪੰਜਾਬ ’ਚ ਤੰਬਾਕੂ, ਬੀੜੀ-ਸਿਗਰਟ ਤੇ ਪਾਨ ਮਸਾਲਾ ਆਦਿ ਦੀ 9684.36 ਕਰੋੜ ਦੀ ਖਪਤ ਹੋਈ ਹੈ ਅਤੇ 2024-25 ਵਿੱਚ ਰੋਜ਼ਾਨਾ ਔਸਤਨ ਪੌਣੇ ਚਾਰ ਕਰੋੜ ਦੀ ਵਿਕਰੀ ਰਹੀ ਹੈ। ਸਰਕਾਰ ਦੇ ਖ਼ਜ਼ਾਨੇ ਨੂੰ ਇਨ੍ਹਾਂ ਅੱਠ ਸਾਲਾਂ ’ਚ 466.76 ਕਰੋੜ ਦੀ ਕਮਾਈ ਹੋਈ ਹੈ। 2017-18 ਵਿੱਚ ਤੰਬਾਕੂ ਤੇ ਬੀੜੀ ਸਿਗਰਟ ਆਦਿ ਦੀ 496.38 ਕਰੋੜ ਦੀ ਵਿਕਰੀ ਸੀ ਜੋ ਹੁਣ 2024-25 ’ਚ ਵਧ ਕੇ 1733.92 ਕਰੋੜ ਦੀ ਹੋ ਗਈ ਹੈ।

ਪੰਜਾਬ ਸਰਕਾਰ ਨੂੰ 2017-18 ਵਿੱਚ 42.89 ਕਰੋੜ ਰੁਪਏ ਟੈਕਸ ਵਸੂਲ ਹੋਇਆ ਸੀ ਜੋ ਲੰਘੇ ਵਿੱਤੀ ਵਰ੍ਹੇ ’ਚ ਵਧ ਕੇ 65.42 ਕਰੋੜ ਰੁਪਏ ਹੋ ਗਿਆ ਹੈ। 2023-24 ਵਿੱਚ ਤੰਬਾਕੂ ਉਤਪਾਦਾਂ ਦੀ ਵਿਕਰੀ 1419.19 ਕਰੋੜ ਸੀ ਜੋ 2024-25 ਵਿੱਚ ਵੱਧ ਕੇ 1733.92 ਕਰੋੜ ਦੀ ਹੋ ਗਈ ਜੋ 22.18 ਫ਼ੀਸਦੀ ਦਾ ਵਾਧਾ ਹੈ। ਸਰਕਾਰ ਵੱਲੋਂ ਚਲਾਏ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਘੇਰੇ ਤੋਂ ਤੰਬਾਕੂ ਬਾਹਰ ਹੈ। ਲੁਧਿਆਣਾ ਦੇ ਕਾਕਾ ਸਿਗਰਟ ਸਟੋਰ ਦੇ ਮਾਲਕ ਕਰਤਾਰ ਚੰਦ ਦਾ ਕਹਿਣਾ ਸੀ ਕਿ ਜਦੋਂ ਤੋਂ ਚੇਤਨਤਾ ਵਧੀ ਹੈ, ਉਦੋਂ ਤੋਂ ਨਵੀਂ ਪੀੜ੍ਹੀ ’ਚ ਤੰਬਾਕੂ ਦਾ ਰੁਝਾਨ ਘਟਿਆ ਹੈ ਅਤੇ ਕਈ ਬਦਲ ਵੀ ਲੋਕਾਂ ਨੇ ਲੱਭ ਲਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁਕਾਬਲੇ ਤਾਂ ਪੰਜਾਬ ’ਚ ਤੰਬਾਕੂ ਦੀ ਵਿਕਰੀ ਬਹੁਤ ਘੱਟ ਹੈ। ਪੰਜਾਬ ਵਿੱਚੋਂ ਤੰਬਾਕੂ ਦੀ ਵਿਕਰੀ ’ਚ ਜਲੰਧਰ ਜ਼ਿਲ੍ਹਾ ਪਹਿਲੇ ਨੰਬਰ ’ਤੇ ਹੈ ਜਿੱਥੇ 2023-24 ਵਿੱਚ 17.85 ਕਰੋੜ ਦਾ ਟੈਕਸ ਵਸੂਲ ਹੋਇਆ ਹੈ।

ਇੱਕ ਸਾਲ ’ਚ 8.31 ਕਰੋੜ ਦੀ ਟੈਕਸ ਵਸੂਲੀ ਨਾਲ ਜ਼ਿਲ੍ਹਾ ਲੁਧਿਆਣਾ ਦੂਜੇ, ਜਦੋਂਕਿ ਤੀਜੇ ਨੰਬਰ ’ਤੇ ਫ਼ਾਜ਼ਿਲਕਾ ਜ਼ਿਲ੍ਹੇ ਵਿੱਚੋਂ ਇੱਕ ਸਾਲ ’ਚ 7.75 ਕਰੋੜ ਦਾ ਟੈਕਸ ਪ੍ਰਾਪਤ ਹੋਇਆ ਹੈ। ਦੇਸ਼ ’ਚ ‘ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ’ ਬਣਿਆ ਹੋਇਆ ਹੈ ਜੋ ਤੰਬਾਕੂ ਦੀ ਮਸ਼ਹੂਰੀ ਆਦਿ ’ਤੇ ਪਾਬੰਦੀ ਲਗਾਉਂਦਾ ਹੈ। ਪੰਜਾਬ ਵਿੱਚ ਇਸ ਐਕਟ ਤਹਿਤ ਕਾਫ਼ੀ ਚਲਾਨ ਹਰ ਵਰ੍ਹੇ ਕੱਟੇ ਜਾਂਦੇ ਹਨ। ਪੰਜਾਬ ਸਰਕਾਰ ਨੇ 30 ਅਪਰੈਲ 2013 ਨੂੰ ‘ਪੰਜਾਬ ਸਟੇਟ ਕੈਂਸਰ ਐਂਡ ਡਰੱਗ ਅਡਿਕਟਸ ਟਰੀਟਮੈਂਟ ਇਨਫਰਾਸਟਰੱਕਚਰ ਫ਼ੰਡ ਐਕਟ-2013’ ਬਣਾਇਆ ਸੀ ਤੇ ਇਸ ਐਕਟ ਤਹਿਤ ਸਿਗਰਟ ਤੋਂ ਕਮਾਈ ਦਾ 33 ਫ਼ੀਸਦੀ ਕੈਂਸਰ ਪੀੜਤਾਂ ਦੇ ਇਲਾਜ ਲਈ ਖ਼ਰਚ ਕੀਤਾ ਜਾਂਦਾ ਸੀ। ਹੁਣ ਤੰਬਾਕੂ ਉਤਪਾਦਾਂ ’ਤੇ 28 ਫ਼ੀਸਦੀ ਜੀਐੱਸਟੀ ਹੈ ਅਤੇ ਸਰਚਾਰਜ ਵੱਖਰਾ ਹੈ। ਕੌਮੀ ਫੈਮਿਲੀ ਹੈਲਥ ਸਰਵੇ-5 ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ 13 ਫ਼ੀਸਦੀ ਪੁਰਸ਼, ਜਦੋਂ ਕਿ 0.4 ਫ਼ੀਸਦੀ ਔਰਤਾਂ ਇਸ ਦੀ ਵਰਤੋਂ ਕਰਦੀਆਂ ਹਨ।

ਤੰਬਾਕੂ ਤੋਂ ਮੁਕਤੀ ਲਈ ਅਹਿਮ ਕਦਮ ਚੁੱਕੇ: ਸਿਹਤ ਮੰਤਰੀ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਤੰਬਾਕੂ ਦੀ ਵਰਤੋਂ ਘਟਾਉਣ ਲਈ ਕਾਫ਼ੀ ਕਦਮ ਚੁੱਕੇ ਗਏ ਹਨ ਜਿਵੇਂ ਪਬਲਿਕ ਸਥਾਨਾਂ ’ਤੇ ਮਨਾਹੀ ਕੀਤੀ ਗਈ ਹੈ। ਵਿਦਿਅਕ ਅਤੇ ਧਾਰਮਿਕ ਅਦਾਰਿਆਂ ਦੇ 500 ਮੀਟਰ ਦੇ ਘੇਰੇ ਵਿੱਚ ਵਿਕਰੀ ਦੀ ਮਨਾਹੀ ਹੈ। ਈ-ਸਿਗਰਟ ਅਤੇ ਹੁੱਕਾ ਬਾਰ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਤੰਬਾਕੂ ਛੱਡਣ ਵਾਲਿਆਂ ਲਈ ਕੇਂਦਰ ਬਣਾਏ ਗਏ ਹਨ ਅਤੇ ਜਾਗਰੂਕਤਾ ਮੁਹਿੰਮ ਵਜੋਂ ਚੰਗੇ ਨਤੀਜੇ ਸਾਹਮਣੇ ਆਏ ਹਨ।

Advertisement
×