ਪੱਤਰ ਪ੍ਰੇਰਕ
ਮਹਿਲ ਕਲਾਂ, 1 ਜੁਲਾਈ
ਪਿੰਡ ਮੂੰਮ ਵਿੱਚ ਲੰਘੀ ਰਾਤ ਮਜ਼ਦੂਰ ਦੇ ਘਰ ’ਚ ਅੱਗ ਲੱਗਣ ਕਾਰਨ ਸੌਂ ਰਹੇ ਪਤੀ-ਪਤਨੀ ਦੀ ਝੁਲਸਕੇ ਮੌਤ ਹੋ ਗਈ। ਮ੍ਰਿਤਕ ਦੇ ਭਰਾਵਾਂ ਹਰਚੰਦ ਸਿੰਘ, ਜਸਵੰਤ ਸਿੰਘ ਅਤੇ ਸਤਿਨਾਮ ਸਿੰਘ ਨੇ ਦੱਸਿਆ ਕਿ ਤੜਕੇ ਲਗਪਗ ਤਿੰਨ ਵਜੇ ਮੀਂਹ ਪੈਣ ਕਾਰਨ ਘਰ ਦੇ ਵਿਹੜੇ ਵਿੱਚ ਸੁੱਤੇ ਜਗਰੂਪ ਸਿੰਘ (45) ਅਤੇ ਉਸ ਦੀ ਪਤਨੀ ਅੰਗਰੇਜ਼ ਕੌਰ (40) ਕਮਰੇ ਅੰਦਰ ਚਲੇ ਗਏ। ਇਸ ਤੋਂ ਬਾਅਦ ਕਮਰੇ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਹਾਦਸੇ ਵਿੱਚ ਜਗਰੂਪ ਸਿੰਘ ਦੀ ਝੁਲਸਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਪਤਨੀ ਅੰਗਰੇਜ਼ ਕੌਰ ਨੂੰ ਪਹਿਲਾਂ ਬਰਨਾਲਾ ਅਤੇ ਬਾਅਦ ਵਿੱਚ ਫ਼ਰੀਦਕੋਟ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦਾ 10 ਸਾਲਾ ਪੁੱਤਰ ਆਪਣੇ ਚਾਚੇ ਦੇ ਘਰ ਸੁੱਤਾ ਹੋਇਆ ਸੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਅੰਗਰੇਜ਼ ਕੌਰ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋਏ ਅਤੇ ਅੱਗ ’ਤੇ ਕਾਬੂ ਪਾਇਆ। ਅੱਗ ਕਾਰਨ ਘਰ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਪਿੰਡ ਦੇ ਸਰਪੰਚ ਲਖਬੀਰ ਸਿੰਘ ਨੇ ਸੂਬਾ ਸਰਕਾਰ ਤੋਂ ਪੀੜਤ ਪਰਿਵਾਰ ਦੇ ਬੱਚੇ ਦੀ ਪੜ੍ਹਾਈ ਦਾ ਪੂਰਾ ਪ੍ਰਬੰਧ ਕਰਨ ਅਤੇ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਥਾਣਾ ਮਹਿਲ ਕਲਾਂ ਦੀ ਐੱਸਐੱਚਓ ਕਿਰਨਜੀਤ ਕੌਰ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ।