ਵਜ਼ੀਫ਼ਾ ਸਕੀਮ: ਸਦਨ ’ਚ ਵਿੱਤ ਮੰਤਰੀ ਚੀਮਾ ਤੇ ਪ੍ਰਤਾਪ ਬਾਜਵਾ ’ਚ ਬਹਿਸ
ਚਰਨਜੀਤ ਭੁੱਲਰ
ਚੰਡੀਗੜ੍ਹ, 11 ਜੁਲਾਈ
ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਦਨ ’ਚ ਪੇਸ਼ ‘ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਬਿੱਲ, 2025’ ਅਤੇ ‘ਸੀਜੀਸੀ ਯੂਨੀਵਰਸਿਟੀ, ਮੁਹਾਲੀ ਬਿੱਲ, 2025’ ਬਿੱਲ ਮੌਕੇ ਪੋਸਟ ਮੈਟ੍ਰਿਕ ਵਜ਼ੀਫ਼ੇ ਦੇ ਮਾਮਲੇ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਬਹਿਸ ਪਏ। ਸਦਨ ਵਿੱਚ ਵਜ਼ੀਫ਼ਾ ਘਪਲਿਆਂ ਦੀ ਗੂੰਜ ਪੈਂਦੀ ਰਹੀ। ਸ੍ਰੀ ਚੀਮਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਸਮੇਂ ਦਾ ਰੁਕਿਆ 1700 ਕਰੋੜ ਦਾ ਵਜ਼ੀਫ਼ਾ ‘ਆਪ’ ਸਰਕਾਰ ਨੇ ਜਾਰੀ ਕੀਤਾ ਹੈ।
ਸ੍ਰੀ ਚੀਮਾ ਨੇ ਚੁਣੌਤੀ ਦਿੱਤੀ ਕਿ ਕਿਸੇ ਨੂੰ ਸ਼ੱਕ ਹੈ ਤਾਂ ਸਰਕਾਰੀ ਰਿਕਾਰਡ ਦੇਖਿਆ ਜਾ ਸਕਦਾ ਹੈ। ਉਨ੍ਹਾਂ ਉਂਗਲ ਉਠਾਈ ਕਿ ਕਾਂਗਰਸ ਸਰਕਾਰ ਸਮੇਂ ਵਜ਼ੀਫ਼ਾ ਕਿਸੇ ਝਾਕ ਕਰ ਕੇ ਹੀ ਰੁਕ ਜਾਂਦਾ ਸੀ। ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ ਮੋੜਵੇਂ ਜੁਆਬ ਵਿੱਚ ਕਿਹਾ ਕਿ ਹੁਣ ਸਭ ਕੁਝ ਪਹਿਲਾਂ ਹੀ ਤੈਅ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਜੇ ਪਰਦਾਫਾਸ਼ ਕਰਨਾ ਸ਼ੁਰੂ ਕਰ ਦਿੱਤਾ ਤਾਂ ਪਤਾ ਲੱਗ ਜਾਵੇਗਾ ਕਿ ਕਿੰਨੇ ਕੁ ਸਾਫ਼ ਹੋ।’ ਚੀਮਾ ਨੇ ਪਲਟਵਾਰ ਕਰਦਿਆਂ ਬਾਜਵਾ ਨੂੰ ਕਿਹਾ ਕਿ ‘ਸਿਰਫ਼ ਸੁਰਖ਼ੀਆਂ ’ਚ ਰਹਿਣ ਲਈ ਅਜਿਹਾ ਕਰਦੇ ਹੋ, ਜੇ ਤੁਹਾਡੇ ਕੋਲ ਕੁਝ ਠੋਸ ਹੈ ਤਾਂ ਸਦਨ ਵਿੱਚ ਰੱਖੋ।’ ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਬਿਨਾਂ ਸਬੂਤਾਂ ਤੋਂ ਗੱਲ ਕਰਨੀ ਠੀਕ ਨਹੀਂ।
ਬਹਿਸ ਦੌਰਾਨ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਵਜ਼ੀਫ਼ਾ ਸਕੀਮ ਦੇ ਮੁੱਦੇ ’ਤੇ ਪਿਛਲੀ ਕਾਂਗਰਸ ਸਰਕਾਰ ’ਤੇ ਨਿਸ਼ਾਨੇ ਲਾਏ। ਡਾ. ਸੁੱਖੀ ਨੇ ਕਿਹਾ ਕਿ ਉਸ ਵੇਲੇ ਐੱਸਸੀ ਅਤੇ ਬੀਸੀ ਬੱਚਿਆਂ ਦਾ 64 ਕਰੋੜ ਰੁਪਏ ਇੱਕ ਮੰਤਰੀ ਖਾ ਗਿਆ ਸੀ ਜਿਸ ਦਾ ਜ਼ਿਕਰ ਉੱਚ ਅਧਿਕਾਰੀ ਦੀ ਜਾਂਚ ਰਿਪੋਰਟ ਵਿੱਚ ਹੋਇਆ ਸੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਹੁਣ ਬੱਚਿਆਂ ਦੀ ਗਿਣਤੀ ਤਿੰਨ ਲੱਖ ਨੂੰ ਪਾਰ ਕਰ ਚੁੱਕੀ ਹੈ। ਡਾ. ਸੁੱਖੀ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਦੀ ‘ਲੁੱਟ’ ਦਾ ਜ਼ਿਕਰ ਕਰਦਿਆਂ ਮੰਗ ਕੀਤੀ ਕਿ ਨਿੱਜੀ ’ਵਰਸਿਟੀਆਂ ਵਿੱਚ ਵੀ ਐੱਸਸੀ, ਬੀਸੀ ਬੱਚਿਆਂ ਦਾ ਰਾਖਵਾਂਕਰਨ ਹੋਣਾ ਚਾਹੀਦਾ ਹੈ।
ਅੱਜ ਸਦਨ ਵਿੱਚ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਬਿੱਲ ਪਾਸ ਹੋਣ ਨਾਲ ਹੁਣ ਪੰਜਾਬ ਵਿੱਚ ਯੂਨੀਵਰਸਿਟੀਆਂ ਦੀ ਗਿਣਤੀ 19 ਹੋ ਗਈ ਹੈ। ਬਹਿਸ ਮੌਕੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਪ੍ਰਾਈਵੇਟ ਯੂਨੀਵਰਸਿਟੀਆਂ ’ਚ ਇਸ ਵੇਲੇ ਦਲਿਤ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਮਿਲਾ ਰਿਹਾ। ਉਚੇਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅਖੀਰ ਵਿੱਚ ਵਿਧਾਇਕਾਂ ਵੱਲੋਂ ਉਠਾਏ ਨੁਕਤਿਆਂ ਦਾ ਜੁਆਬ ਦਿੱਤਾ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨਿੱਜੀ ’ਵਰਸਿਟੀਆਂ ਦੇ ਪੇਸ਼ ਬਿੱਲਾਂ ’ਤੇ ਬਹਿਸ ਦੌਰਾਨ ਮੰਗ ਕੀਤੀ ਕਿ ਪੰਜਾਬ ਵਿੱਚ ਉਚੇਰੀ ਸਿੱਖਿਆ ’ਚ ਗੁਣਵੱਤਾ ਲਿਆਉਣ ਲਈ ਰੈਗੂਲੇਟਰੀ ਅਥਾਰਿਟੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਏਡਿਡ ਕਾਲਜਾਂ ਨੂੰ ਵੀ ਪੈਰਾਂ ਸਿਰ ਕਰਨ ਤੇ ਪੀਟੀਯੂ ਦੇ ਫੰਡਾਂ ਨੂੰ ਡਾਈਵਰਟ ਨਾ ਕਰਨ ਦੀ ਅਪੀਲ ਵੀ ਕੀਤੀ।
ਸਪੋਰਟਸ ’ਵਰਸਿਟੀ ਕਿਥੇ ਹੈ: ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਹਿਸ ’ਚ ਪੁੱਛਿਆ ਕਿ ਜਲੰਧਰ ਵਿੱਚ ਬਣਨ ਵਾਲੀ ਸਪੋਰਟਸ ਯੂਨੀਵਰਸਿਟੀ ਕਿੱਥੇ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੀ ਜ਼ਿਮਨੀ ਚੋਣ ਸਮੇਂ ਅਰਵਿੰਦ ਕੇਜਰੀਵਾਲ ਨੇ ਜਲੰਧਰ ’ਚ ਸਪੋਰਟਸ ਵਰਸਿਟੀ ਇੱਕ ਸਾਲ ’ਚ ਬਣਾਏ ਜਾਣ ਦੀ ਗੱਲ ਕਹੀ ਸੀ। ਚੰਗਾ ਹੁੰਦਾ ਕਿ ਅੱਜ ਸਪੋਰਟਸ ਯੂਨੀਵਰਸਿਟੀ ਦਾ ਬਿੱਲ ਵੀ ਨਾਲ ਹੀ ਆ ਜਾਂਦਾ। ਉਨ੍ਹਾਂ 16 ਮੈਡੀਕਲ ਕਾਲਜ ’ਚੋਂ ਸੱਤ ਰਹਿਣ ਅਤੇ ਇੱਕ ਦਾ ਵੀ ਨੀਂਹ ਪੱਥਰ ਨਾ ਰੱਖਣ ’ਤੇ ਸਵਾਲ ਚੁੱਕੇ।