ਤਖ਼ਤਾਂ ਦੇ ਜਥੇਦਾਰਾਂ ਵਿਚਾਲੇ ਟਕਰਾਅ ਤੋਂ ਸੰਗਤ ਚਿੰਤਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਜੁਲਾਈ
ਤਖਤਾਂ ਦੇ ਜਥੇਦਾਰਾਂ ਵਿਚਾਲੇ ਵੱਧ ਰਹੇ ਟਕਰਾਅ ਦੇ ਮਾਮਲੇ ਨੂੰ ਲੈ ਕੇ ਸਿੱਖ ਜਗਤ ਚਿੰਤਤ ਹੈ ਅਤੇ ਇਸ ਮਸਲੇ ਦੇ ਹੱਲ ਲਈ ਸਿੱਖ ਸੰਸਥਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਅਕਾਲੀ ਆਗੂ ਰਵੀਇੰਦਰ ਸਿੰਘ ਨੇ ਆਖਿਆ ਕਿ ਤਖ਼ਤਾਂ ਦੇ ਜਥੇਦਾਰਾਂ ਦਾ ਟਕਰਾਅ ਕੌਮ ਲਈ ਘਾਤਕ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਵਸਦੀ ਸੰਗਤ ਤਖ਼ਤਾਂ ਦੇ ਜਥੇਦਾਰਾਂ ਦੇ ਆਦੇਸ਼ ਤੇ ਸੰਦੇਸ਼ ਨੂੰ ਇਲਾਹੀ ਰੂਪ ਸਮਝਦੀ ਹੈ। ਇਸ ਵੇਲੇ ਜਥੇਦਾਰਾਂ ਨੇ ਸਥਿਤੀ ਹਾਸੋਹੀਣੀ ਬਣਾ ਦਿਤੀ ਹੈ ਅਤੇ ਸਿੱਖ ਕੌਮ ਘੋਰ ਨਿਰਾਸ਼ਾ ਵਿੱਚ ਹੈ। ਉਨ੍ਹਾਂ ਪੈਦਾ ਹੋਈ ਇਸ ਸਮੁੱਚੀ ਸਥਿਤੀ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਚਿੰਤਾ ਪ੍ਰਗਟਾਈ ਹੈ ਕਿ ਜੋ ਹਾਲਾਤ ਬਣੇ ਹਨ, ਉਨ੍ਹਾਂ ਦਾ ਮੁਕਾਬਲਾ ਕਰਨ ਲਈ ਮਜਬੂਰ ਪਾਏਦਾਰ ਅਤੇ ਇਮਾਨਦਾਰ ਸਿੱਖ ਲੀਡਰਸ਼ਿਪ ਦੀ ਪੰਥ ਨੂੰ ਲੋੜ ਹੈ। ਸ਼੍ੋਮਣੀ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਇਹ ਟਕਰਾਅ ਤਖ਼ਤਾਂ ਦਾ ਨਹੀਂ ਸਗੋਂ ਤਖ਼ਤਾਂ ਦੇ ਗ੍ਰੰਥੀਆਂ ਦੀ ਸਿਧਾਂਤ ਪ੍ਰਤੀ ਬੇਸਮਝੀ ਤੇ ਸਿਆਸੀ ਹੱਥ ਠੋਕਾ ਬਣਨ ਕਾਰਨ ਹੈ। ਉਨ੍ਹਾਂ ਇਸ ਮਾਮਲੇ ’ਤੇ ਤੁਰੰਤ ਜਨਰਲ ਇਜਲਾਸ ਸੱਦਣ ਅਤੇ ਮਾਮਲੇ ਨੂੰ ਵਿਚਾਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਜਥੇਦਾਰ ਨਿਯੁਕਤ ਕਰਨ ਅਤੇ ਹਟਾਉਣ ਦੇ ਢੰਗ ਬਾਰੇ 42 ਸ਼੍ੋਮਣੀ ਕਮੇਟੀ ਮੈਂਬਰਾਂ ਨੇ ਲਿਖ ਕੇ ਦਿੱਤਾ ਸੀ ਕਿ ਇਸ ’ਤੇ ਵਿਚਾਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੰਭਲਣ ਦੀ ਲੋੜ ਹੈ, ਪੰਥਕ ਮਸਲੇ ਹੱਲ ਕਰਨਾ ਗ੍ਰੰਥੀਆਂ ਦੇ ਵੱਸ ਨਹੀਂ ਹੈ, ਸਗੋਂ ਪੰਥਕ ਰੂਪ ਵਿੱਚ ਸਿੱਖਾਂ ਨੂੰ ਆਪ ਹੱਲ ਕਰਨੇ ਪੈਣਗੇ। ਉਨ੍ਹਾਂ ਇਹ ਪੋਸਟ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਹੈ। ਦਲ ਖਾਲਸਾ ਦੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਅਕਾਲ ਤਖ਼ਤ ਸਰਬ ਉੱਚ ਹੈ।
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ’ਤੇ ਸੇਵਾ ਨਿਭਾ ਰਹੇ ਜਥੇਦਾਰ ਨੇ ਖਾਲਸਾ ਪੰਥ ਦੀ ਰਾਏ, ਗੁਰਮਤਿ ਰੋਸ਼ਨੀ ਅਤੇ ਸਿੱਖ ਸਿਧਾਂਤਾਂ ਅਨੁਸਾਰ ਕੌਮੀ ਹਿੱਤ ਵਿੱਚ ਫੈਸਲੇ ਲੈਣੇ ਹੁੰਦੇ ਹਨ। ਤਖ਼ਤ ਪਟਨਾ ਸਾਹਿਬ ਦਾ ਜਥੇਦਾਰ ਜਾਂ ਪੰਜ ਪਿਆਰੇ ਕਿਸੇ ਸਿੱਖ ਨੂੰ ਤਨਖਾਹੀਆ ਕਰਾਰ ਨਹੀਂ ਦੇ ਸਕਦੇ। ਇਹ ਉਨ੍ਹਾਂ ਦੇ ਕਾਰਜ ਖੇਤਰ ਅਤੇ ਅਧਿਕਾਰ ਖੇਤਰ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕ ਦਿੱਲੀ ਦੇ ਹੁਕਮਰਾਨਾਂ ਦੇ ਪ੍ਰਭਾਵ ਹੇਠ ਚੱਲ ਰਹੇ ਹਨ ਜੋ ਸਿੱਖ ਅਤੇ ਸਿੱਖ ਸੰਸਥਾਵਾਂ ਨੂੰ ਆਪਸ ਵਿੱਚ ਲੜਾਉਣ ਤੇ ਕਮਜ਼ੋਰ ਕਰਨ ਦੀ ਨੀਤੀ ਤੇ ਨੀਅਤ ਰੱਖਦੇ ਹਨ।
ਸ਼੍ੋਮਣੀ ਅਕਾਲੀ ਦਲ ਦੀ ਭਰਤੀ ਲਈ ਬਣੀ ਹੋਈ ਭਰਤੀ ਕਮੇਟੀ ਦੇ ਮੈਂਬਰਾਂ ਨੇ ਵੀ ਮੌਜੂਦਾ ਘਟਨਾਕ੍ਰਮ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਟਕਰਾਅ ਵਾਲੀ ਸਥਿਤੀ ਨਾਲ ਨਾ ਸਿਰਫ਼ ਸਿੱਖ ਸੰਸਥਾਵਾਂ ਦੀ ਮਾਣ ਮਰਿਆਦਾ, ਪ੍ਰੰਪਰਾ ਅਤੇ ਪ੍ਰਭੂਸੱਤਾ ਨੂੰ ਠੇਸ ਪਹੁੰਚਦੀ ਹੈ, ਸਗੋਂ ਪੰਥਕ ਸੰਸਥਾਵਾਂ ਕਮਜ਼ੋਰ ਹੁੰਦੀਆਂ ਹਨ। ਅਜਿਹੇ ਵਿਵਾਦ ਸੰਵਾਦ ਰਾਹੀ ਜਲਦੀ ਖ਼ਤਮ ਕਰਨੇ ਚਾਹੀਦੇ ਹਨ।