ਪ੍ਰਚੂਨ ਮਹਿੰਗਾਈ ਛੇ ਸਾਲ ਦੇ ਹੇਠਲੇ ਪੱਧਰ 2.82 ’ਤੇ ਪੁੱਜੀ
ਨਵੀਂ ਦਿੱਲੀ: ਸਬਜ਼ੀਆਂ ਤੇ ਫਲਾਂ ਦੀਆਂ ਕੀਮਤਾਂ ’ਚ ਨਰਮੀ ਆਉਣ ਮਗਰੋਂ ਮਈ ਮਹੀਨੇ ’ਚ ਪ੍ਰਚੂਨ ਮਹਿੰਗਾਈ ਘੱਟ ਕੇ ਛੇ ਸਾਲ ਦੇ ਹੇਠਲੇ ਪੱਧਰ 2.82 ਫੀਸਦ ’ਤੇ ਆ ਗਈ ਹੈ। ਅੱਜ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਖਪਤਕਾਰ ਮੁੱਲ ਸੂਚਕਅੰਕ (ਸੀਪੀਆਈ) ਆਧਾਰਤ ਪ੍ਰਚੂਨ ਮਹਿੰਗਾਈ ਅਪਰੈਲ ’ਚ 3.16 ਫੀਸਦ ਤੇ ਮਈ, 2024 ’ਚ 4.8 ਫੀਸਦ ਸੀ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮਈ ’ਚ ਖੁਰਾਕ ਮਹਿੰਗਾਈ 0.99 ਫੀਸਦ ਰਹੀ, ਜੋ ਇੱਕ ਸਾਲ ਪਹਿਲਾਂ ਇਸੇ ਮਹੀਨੇ ਦੇ 8.69 ਫੀਸਦ ਮੁਕਾਬਲੇ ਕਾਫੀ ਘੱਟ ਹੈ। ਮਈ 2025 ਦੀ ਖੁਰਾਕ ਮਹਿੰਗਾਈ ਦਾ ਇਹ ਅੰਕੜਾ ਅਕਤੂਬਰ, 2021 ਮਗਰੋਂ ਸਭ ਤੋਂ ਘੱਟ ਹੈ। ਐੱਨਐੱਸਓ ਨੇ ਇੱਕ ਬਿਆਨ ਕਿਹਾ, ‘ਮਈ, 2025 ’ਚ ਮੁੱਖ ਮਹਿੰਗਾਈ ਤੇ ਖੁਰਾਕ ਮਹਿੰਗਾਈ ’ਚ ਜ਼ਿਕਰਯੋਗ ਗਿਰਾਵਟ ਮੁੱਖ ਤੌਰ ’ਤੇ ਦਾਲਾਂ ਤੇ ਇਸ ਦੇ ਉਤਪਾਦਾਂ, ਸਬਜ਼ੀਆਂ, ਫਲਾਂ, ਅਨਾਜ ਤੇ ਇਸ ਦੇ ਉਤਪਾਦਾਂ, ਘਰੇਲੂ ਸਾਮਾਨ ਤੇ ਸੇਵਾਵਾਂ, ਚੀਨੀ ਤੇ ਕਨਫੈਕਸ਼ਨਰੀ ਤੇ ਆਂਡਿਆਂ ਦੀਆਂ ਕੀਮਤਾਂ ’ਚ ਗਿਰਾਵਟ ਕਾਰਨ ਹੈ।’ -ਪੀਟੀਆਈ