ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਹਵੇਲੀ ਦਾ ਨਵੀਨੀਕਰਨ ਸ਼ੁਰੂ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 13 ਜੁਲਾਈ
ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਪੁਰਾਤਨ ਯਾਦਗਾਰੀ ਹਵੇਲੀ ਦੀ ਸਾਂਭ-ਸੰਭਾਲ ਅਤੇ ਨਵੀਨੀਕਰਨ ਦਾ ਕਾਰਜ ਸੂਬਾ ਸਰਕਾਰ ਵੱਲੋਂ ਸ਼ੁਰੂ ਕਰਵਾਇਆ ਗਿਆ ਹੈ। ਇਸ ਕਾਰਜ ਲਈ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੀਤੇ ਐਲਾਨ ਅਨੁਸਾਰ ਆਪਣੇ ਕੋਟੇ ਵਿੱਚੋਂ 20 ਲੱਖ ਰੁਪਏ ਪਿੰਡ ਠੀਕਰੀਵਾਲਾ ਦੀ ਪੰਚਾਇਤ ਨੂੰ ਜਾਰੀ ਕੀਤੇ ਗਏ ਸਨ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਨਵੀਨੀਕਰਨ ਸ਼ੁਰੂ ਕਰਵਾਇਆ।
ਵਿਧਾਇਕ ਪੰਡੋਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਭਾਵੇਂ ਪਿੰਡਾਂ ਲਈ ਕੁਝ ਗਰਾਂਟਾਂ ਦਿੱਤੀਆਂ ਪਰ ਕਦੇ ਵੀ ਸ਼ਹੀਦ ਸੇਵਾ ਸਿੰਘ ਦੀ ਲੰਬੇ ਸਮੇਂ ਤੋਂ ਖੰਡਰ ਪਈ ਹਵੇਲੀ ਦੇ ਨਵੇਂ ਸਿਰੇ ਨਿਰਮਾਣ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਹਵੇਲੀ ਦੇ ਨਿਰਮਾਣ ’ਤੇ ਹੋਰ ਜਿੰਨਾ ਵੀ ਖ਼ਰਚ ਹੋਵੇਗਾ, ਉਹ ਸਾਰਾ ਸੂਬਾ ਸਰਕਾਰ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਪਿੰਡ ਠੀਕਰੀਵਾਲਾ ਦੇ ਸਰਪੰਚ ਕਿਰਨਜੀਤ ਸਿੰਘ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਪਾਰਟੀ ਵਾਲੰਟੀਅਰਾਂ ਨੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾ ਭੇਟ ਕਰ ਕੇ ਸਨਮਾਨਿਆ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸਰਪੰਚ ਸੁਖਵਿੰਦਰਦਾਸ ਬਾਵਾ ਕੁਰੜ, ਪੀਏ ਬਿੰਦਰ ਸਿੰਘ ਖਾਲਸਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਆਮ ਆਦਮੀ ਪਾਰਟੀ ਵਾਲੰਟੀਅਰ ਹਾਜ਼ਰ ਸਨ।