ਭਰਤੀ ਕਮੇਟੀ ਨੇ ਅਕਾਲੀ ਦਲ ਦੇ 8.29 ਲੱਖ ਮੈਂਬਰ ਬਣਾਏ
ਆਤਿਸ਼ ਗੁਪਤਾ
ਚੰਡੀਗੜ੍ਹ, 2 ਜੁਲਾਈ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨ ਲਈ ਬਣਾਈ ਭਰਤੀ ਕਮੇਟੀ ਨੇ ਜਥੇਬੰਧਕ ਢਾਂਚੇ ਦੀ ਚੋਣ ਵਾਸਤੇ ਅਗਲੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਅੱਜ ਭਰਤੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ, ਸੰਤਾ ਸਿੰਘ ਉਮੈਦਪੁਰੀ ਅਤੇ ਸਤਵੰਤ ਕੌਰ ਵੱਲੋਂ ਭਰਤੀ ਸਬੰਧੀ ਆਪਣੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਭਰਤੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਅੱਜ ਤੱਕ 8.29 ਲੱਖ ਮੈਂਬਰਾਂ ਦੀ ਮੈਂਬਰਸ਼ਿਪ ਜਮ੍ਹਾਂ ਹੋ ਚੁੱਕੀ ਹੈ। ਭਰਤੀ ਕਮੇਟੀ ਦੇ ਮੈਂਬਰਾਂ ਨੇ ਆਗੂਆਂ ਨੂੰ ਭਰਤੀ ਕਾਪੀਆਂ 10 ਜੁਲਾਈ ਤੱਕ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਹੈ, ਹਾਲਾਂਕਿ ਭਰਤੀ ਉਸ ਤੋਂ ਬਾਅਦ ਵੀ ਜਾਰੀ ਰਹੇਗੀ। ਮੈਂਬਰਾਂ ਨੇ ਕਿਹਾ ਕਿ 10 ਜੁਲਾਈ ਤੱਕ ਭਰਤੀ ਦੀ ਕਾਪੀਆਂ ਜਮ੍ਹਾਂ ਕਰਵਾਉਣ ਤੋਂ ਬਾਅਦ 11 ਜੁਲਾਈ ਤੋਂ 14 ਜੁਲਾਈ ਤੱਕ ਹਰ ਕਾਪੀ ਪਿੱਛੇ ਬਣਨ ਵਾਲੇ ਸਰਕਲ ਡੈਲੀਗੇਟ ਨਾਮ ਵਾਲੀਆਂ ਸੂਚੀਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। 15 ਜੁਲਾਈ ਤੋਂ 27 ਜੁਲਾਈ ਤੱਕ ਭਰਤੀ ਕਮੇਟੀ ਦੇ ਮੈਂਬਰ ਹਲਕਾ ਵਾਰ ਮੀਟਿੰਗਾਂ ਦਾ ਦੌਰ ਸ਼ੁਰੂ ਕਰਨਗੇ। ਇਨ੍ਹਾਂ ਮੀਟਿੰਗਾਂ ਵਿੱਚ ਜ਼ਿਲ੍ਹਾ ਡੈਲੀਗੇਟ ਅਤੇ ਸਟੇਟ ਡੈਲੀਗੇਟ ਦੀ ਚੋਣ ਕੀਤੀ ਜਾਵੇਗੀ। ਜ਼ਿਲ੍ਹਾ ਪੱਧਰੀ ਅਤੇ ਸੂਬਾ ਡੈਲੀਗੇਟ ਦੀ ਚੋਣ ਉਪਰੰਤ ਜਨਰਲ ਇਜਲਾਸ ਲਈ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ। ਭਰਤੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਲਈ ਮੈਂਬਰਸ਼ਿਪ ਦੌਰਾਨ ਸ਼ੁਰੂਆਤ ਤੋਂ ਹੁਣ ਤੱਕ ਇਕ ਧੜੇ ਵੱਲੋਂ ਬਿਲਕੁਲ ਵੀ ਸਹਿਯੋਗ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਭਰਤੀ ਮੁਹਿੰਮ ਨੂੰ ਕਾਮਯਾਬੀ ਮਿਲੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪਾਰਟੀ ਦੇ ਜ਼ਿਲ੍ਹਾ ਤੇ ਸਟੇਟ ਡੈਲੀਗੇਟਾਂ ਦਾ ਐਲਾਨ ਕੀਤਾ ਜਾਵੇਗਾ।