ਪੰਜਾਬ ’ਚ ਮੀਂਹ ਨੇ ਨਿਕਾਸੀ ਪ੍ਰਬੰਧਾਂ ਦੀ ਹਿਲਾਈ ਨੀਂਹ
ਆਤਿਸ਼ ਗੁਪਤਾ
ਚੰਡੀਗੜ੍ਹ, 1 ਜੁਲਾਈ
ਪੰਜਾਬ ਵਿੱਚ ਕਈ ਦਿਨਾਂ ਤੋਂ ਲੱਗੀ ਝੜੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਜ਼ਿਆਦਾਤਰ ਸ਼ਹਿਰਾਂ ’ਚ ਜਲ-ਥਲ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਕਈ ਸ਼ਹਿਰਾਂ ਦੀਆਂ ਮੁੱਖ ਸੜਕਾਂ ਹੀ ਪਾਣੀ ਵਿੱਚ ਡੁੱਬ ਗਈਆਂ ਹਨ, ਜਿਥੋਂ ਲੋਕਾਂ ਦਾ ਲੰਘਣਾ ਵੀ ਔਖਾ ਹੋ ਗਿਆ। ਇਸ ਦੇ ਨਾਲ ਹੀ ਕਈ ਸ਼ਹਿਰਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ। ਜ਼ਿਲ੍ਹਾ ਪਟਿਆਲਾ ਵਿੱਚ ਸਭ ਤੋਂ ਵੱਧ 55.2 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 34.4 ਐੱਮਐੱਮ ਤੇ ਲੁਧਿਆਣਾ ਵਿੱਚ 22.1 ਐੱਮਐੱਮ ਮੀਂਹ ਪਿਆ। ਦੂਜੇ ਪਾਸੇ ਮੀਂਹ ਮਗਰੋਂ ਅੱਜ ਸੂਬੇ ਵਿੱਚ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ।
ਇਸ ਦੌਰਾਨ ਮੌਸਮ ਵਿਗਿਆਨੀਆਂ ਨੇ 2, 5, 6, ਤੇ 7 ਜੁਲਾਈ ਨੂੰ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ, ਜਦੋਂ ਕਿ 3 ਤੇ 4 ਜੁਲਾਈ ਨੂੰ ਮਾਮੂਲੀ ਰਾਹਤ ਮਿਲ ਸਕਦੀ ਹੈ। ਜਾਣਕਾਰੀ ਅਨੁਸਾਰ ਅੱਜ ਪਟਿਆਲਾ, ਲੁਧਿਆਣਾ ਤੇ ਹੁਸ਼ਿਆਰਪੁਰ ਨੇੜਲੇ ਖੇਤਰਾਂ ਵਿੱਚ ਭਰਵਾਂ ਮੀਂਹ ਪਿਆ। ਮੀਂਹ ਜਿੱਥੇ ਕਿਸਾਨਾਂ ਦੇ ਚਿਹਰੇ ਖਿੜ ਗਏ ਉਥੇ ਹੀ ਪਾਵਰਕੌਮ ਅਧਿਕਾਰੀਆਂ ਨੇ ਵੀ ਸੁੱਖ ਦਾ ਸਾਹ ਲਿਆ। ਤਾਪਮਾਨ ਵਿੱਚ ਗਿਰਾਵਟ ਦੇ ਨਾਲ ਹੀ ਪੰਜਾਬ ਵਿੱਚ ਬਿਜਲੀ ਦੀ ਮੰਗ ਵੀ ਘੱਟ ਕੇ 13,500 ਮੈਗਾਵਾਟ ਦੇ ਕਰੀਬ ਦਰਜ ਕੀਤੀ ਗਈ ਹੈ, ਜੋ ਕਿ ਪਿਛਲੇ ਦਿਨੀਂ 16 ਹਜ਼ਾਰ ਮੈਗਾਵਾਟ ਤੋਂ ਵੱਧ ਚੱਲ ਰਹੀ ਸੀ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿੱਚ 31 ਐੱਮਐੱਮ, ਅੰਮ੍ਰਿਤਸਰ ਵਿੱਚ 34.4 ਐੱਮਐੱਮ, ਲੁਧਿਆਣਾ ਵਿੱਚ 22.1 ਐੱਮਐੱਮ, ਪਟਿਆਲਾ ਵਿੱਚ 55.2 ਐੱਮਐੱਮ, ਪਠਾਨਕੋਟ ਵਿੱਚ 6.4 ਐੱਮਐੱਮ, ਗੁਰਦਾਸਪੁਰ ਵਿੱਚ 19.2 ਐੱਮਐੱਮ, ਨਵਾਂ ਸ਼ਹਿਰ ਵਿੱਚ 21.4 ਐੱਮਐੱਮ, ਫ਼ਤਹਿਗੜ੍ਹ ਸਾਹਿਬ ਵਿੱਚ 1.5 ਐੱਮਐੱਮ, ਹੁਸ਼ਆਰਪੁਰ ਵਿੱਚ 14 ਐੱਮਐੱਮ, ਮੁਹਾਲੀ ਵਿੱਚ ਇਕ ਐੱਮਐੱਮ, ਰੂਪਨਗਰ ਵਿੱਚ 7 ਐੱਮਐੱਮ ਮੀਂਹ ਪਿਆ ਹੈ।
ਸਤਲੁਜ ’ਚ ਪਾਣੀ ਵਧਣ ਕਾਰਨ ਚਾਰ ਸੌ ਏਕੜ ਫ਼ਸਲ ਡੁੱਬੀ
ਤਰਨ ਤਾਰਨ (ਪੱਤਰ ਪ੍ਰੇਰਕ): ਮੀਂਹ ਮਗਰੋਂ ਸਤਲੁਜ ’ਚ ਪਾਣੀ ਦਾ ਪੱਧਰ ਵਧਣ ਕਾਰਨ ਦਰਿਆ ਦੇ ਮੰਡ (ਹਥਾੜ) ਖੇਤਰ ਦੇ ਕਈ ਪਿੰਡਾਂ ਦੀ ਲਗਪਗ 400 ਏਕੜ ਫ਼ਸਲ ਡੁੱਬ ਗਈ ਹੈ। ਇਲਾਕੇ ਦੇ ਕਿਸਾਨ ਧਰਮ ਸਿੰਘ ਤੇ ਗੁਰਜੀਤ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਪਾਣੀ ਦੀ ਮਾਰ ਹੇਠ ਆ ਗਈਆਂ ਹਨ| ਉਨ੍ਹਾਂ ਕਿਹਾ ਕਿ ਇਸ ਪਾਣੀ ਨੇ ਮੰਡ ਖੇਤਰ ਦੇ ਪਿੰਡ ਤੂਤ, ਰਾਮਸਿੰਘ ਵਾਲਾ ਤੇ ਝੁੱਗੀਆਂ ਨੱਥਾ ਸਿੰਘ ਆਦਿ ਦੇ ਕਿਸਾਨਾਂ ਦੀ ਫ਼ਸਲ ਵੀ ਡੁਬੋ ਦਿੱਤੀ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਫ਼ਸਲਾਂ ਚਾਰ ਦਿਨ ਤੋਂ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ ਪਰ ਕਿਸੇ ਅਧਿਕਾਰੀ ਜਾਂ ਫਿਰ ਸਰਕਾਰ ਦੇ ਪ੍ਰਤੀਨਿਧੀ ਵੱਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਗਈ।