ਪੰਜਾਬ ਕੋਈ ਬਸਤੀ ਨਹੀਂ ਹੈ: ਜਥੇਦਾਰ ਗੜਗੱਜ
ਬੀਐੱਸ ਚਾਨਾ/ ਬਲਵਿੰਦਰ ਰੈਤ
ਸ੍ਰੀ ਆਨੰਦਪੁਰ ਸਾਹਿਬ/ ਨੂਰਪੁਰ ਬੇਦੀ, 21 ਜੂਨ
ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਕੋਈ ਬਸਤੀ ਨਹੀਂ ਹੈ ਅਤੇ ਸਿਆਸੀ ਜਮਾਤ ਨੂੰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰਾਂ ਦੇ ਨਾਂ ’ਤੇ ਵੱਸਦਾ ਹੈ ਤੇ ਪੰਜਾਬ ਦੀਆਂ ਸਮੂਹ ਸਿਆਸੀ ਪਾਰਟੀਆਂ ਨੂੰ ਪੰਜਾਬ, ਪੰਜਾਬੀਅਤ ਤੇ ਪੰਜਾਬੀ ਲਈ ਇਕਜੁੱਟ ਹੋ ਕੇ ਆਵਾਜ਼ ਚੁੱਕਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਧਰਮਾਂ ਦੇ ਲੋਕ ਜੋ ਮੂਲ ਬਾਸ਼ਿੰਦੇ ਪੰਜਾਬ ਦੇ ਹਨ, ਉਹ ਪੰਜਾਬੀ ਹਨ। ਉਨ੍ਹਾਂ ਕਿਹਾ ਕਿ ਕਿਸੇ ਦੇ ਬਾਹਰੋਂ ਆ ਕੇ ਇੱਥੇ ਕੰਮ ਕਰਨ ’ਤੇ ਇਤਰਾਜ਼ ਨਹੀਂ ਪਰ ਇਥੋਂ ਦੇ ਬਸ਼ਿੰਦਿਆਂ ਨੂੰ ਭਾਵ ਸਮੂਹ ਪੰਜਾਬੀਆਂ ਨੂੰ ਪਹਿਲ ਦੇ ਅਧਾਰ ’ਤੇ ਰੁਜ਼ਗਾਰ ਦਿੱਤਾ ਜਾਣਾ ਚਾਹੀਦਾ। ਜਥੇਦਾਰ ਗੜਗੱਜ ਨੇ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਸੰਪਰਦਾ ਦੇ ਮੁਖੀ ਸੰਤ ਸੁੱਚਾ ਸਿੰਘ ਤੇ ਸੰਤ ਸਤਨਾਮ ਸਿੰਘ ਨਾਲ ਸ੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਮੁੱਖ ਮਾਰਗ ਦੇ ਚੱਲ ਰਹੇ ਉਸਾਰੀ ਕਾਰਜ ਦਾ ਦੌਰਾ ਕੀਤਾ।
ਸ੍ਰੀ ਆਨੰਦਪੁਰ ਸਾਹਿਬ ਅੰਦਰ ਬੀੜੀ ਸਿਗਰਟ ਤੇ ਹੋਰ ਨਸ਼ੇ ਕਰਨ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਸਮੇਂ ਵਿੱਚ ਵਧੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਇਹ ਯਕੀਨੀ ਬਣਾਵੇ ਕਿ ਸ੍ਰੀ ਆਨੰਦਪੁਰ ਸਾਹਿਬ ਸ਼ਹਿਰ ਅੰਦਰ ਬੀੜੀ, ਸਿਗਰਟ, ਤੰਬਾਕੂ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਪੂਰਨ ਤੌਰ ’ਤੇ ਬੰਦ ਹੋਵੇ। ਜਥੇਦਾਰ ਗੜਗੱਜ ਨੇ ਕਿਹਾ ਕਿ ਗੁਰੂ ਕਾਲ ਤੋਂ ਚੱਲੀ ਆ ਰਹੀ ਆਨੰਦਪੁਰ ਸਾਹਿਬ ਦੀ ਪੁਰਾਤਨ ਦਿੱਖ ਨੂੰ ਵੀ ਬਰਕਰਾਰ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ।