ਦਰਸ਼ਨ ਸਿੰਘ ਸੋਢੀ
ਐੱਸਏਐਸ ਨਗਰ (ਮੁਹਾਲੀ), 12 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੀ ਸੁਵਿਧਾ ਲਈ ਦੁਪਰਤੀ ਸਰਟੀਫਿਕੇਟ, ਮਾਈਗਰੇਸ਼ਨ ਸਰਟੀਫਿਕੇਟ, ਟਰਾਂਸਸਕ੍ਰਿਪਟ ਅਤੇ ਵੈਸ (ਵਿਦੇਸ਼ ’ਚੋਂ ਆਉਣ ਵਾਲੀਆਂ ਵੈਰੀਫਿਕੇਸ਼ਨਾਂ) ਲਈ ਆਨਲਾਈਨ ਅਪਲਾਈ ਕਰਨ ਲਈ ਵੱਖਰਾ ਕਾਊਂਟਰ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਸੇਵਾਵਾਂ ਲਈ ਅਪਲਾਈ ਕਰਨ ਦੀ ਸੁਵਿਧਾ ਪੰਜਾਬ ਬੋਰਡ ਦੀ ਵੈੱਬਸਾਈਟ ’ਤੇ ਵੀ ਉਪਲਬਧ ਕਰਵਾਈ ਗਈ ਹੈ। ਬਹੁਤ ਸਾਰੇ ਵਿਦਿਆਰਥੀ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਮੁੱਖ ਦਫ਼ਤਰ ਆਉਣ ਮਗਰੋਂ ਹੀ ਇਸ ਸਬੰਧੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਨੂੰ ਬਾਹਰ ਜਾ ਕੇ ਪ੍ਰਾਈਵੇਟ ਸਾਈਬਰ ਕੈਫ਼ੇ ਤੋਂ ਮਹਿੰਗੇ ਮੁੱਲ ’ਤੇ ਇਹ ਸੇਵਾ ਲੈਣੀ ਪੈਂਦੀ ਸੀ।
ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਬੋਰਡ ਵੱਲੋਂ ਆਨਲਾਈਨ ਅਪਲਾਈ ਕਰਨ ਦੀ ਇਸ ਸੁਵਿਧਾ ਦਾ ਬੋਰਡ ਤੋਂ ਬਾਹਰ ਪ੍ਰਾਈਵੇਟ ਕੈਫ਼ੇ ਮਾਲਕਾਂ ਵੱਲੋਂ ਨਾਜਾਇਜ਼ ਫ਼ਾਇਦਾ ਚੁੱਕਿਆ ਜਾ ਰਿਹਾ ਸੀ। ਇਸ ਸਬੰਧੀ ਭਾਰੀ ਫ਼ੀਸਾਂ ਲਈਆਂ ਜਾ ਰਹੀਆਂ ਸਨ। ਸਿੰਗਲ-ਵਿੰਡੋ ’ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਉਪਰੰਤ ਪ੍ਰਾਈਵੇਟ ਕੈਫ਼ੇ ਮਾਲਕਾਂ ਵੱਲੋਂ ਆਨਲਾਈਨ ਫਾਰਮ ਭਰਨ ਦੇ ਨਾਂ ’ਤੇ ਕੀਤੀ ਜਾ ਰਹੀ ਇਸ ਲੁੱਟ-ਖਸੁੱਟ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਦੇ ਮੱਦੇਨਜ਼ਰ ਬੋਰਡ ਦੀ ਸਿੰਗਲ-ਵਿੰਡੋ ’ਤੇ ਇੱਕ ਵੱਖਰਾ ਕਾਊਂਟਰ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਨਾਲ ਇੱਕ ਤਾਂ ਵਿਦਿਆਰਥੀ ਬੇ-ਵਜ੍ਹਾ ਸਮੇਂ ਦੀ ਬਰਬਾਦੀ ਤੋਂ ਬਚ ਸਕਣਗੇ ਅਤੇ ਦੂਜੇ ਇਸ ਕਾਊਂਟਰ ’ਤੇ ਬਿਨਾਂ ਕਿਸੇ ਵਾਧੂ ਫੀਸ ਦੇ ਆਨਲਾਈਨ ਫਾਰਮ ਭਰਨ ਦੀ ਸੁਵਿਧਾ ਪ੍ਰਾਪਤ ਕਰ ਸਕਣਗੇ। ਇਸ ਉੱਦਮ ਦੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਲਗਪਗ ਦੋ ਹਫ਼ਤੇ ਪਹਿਲਾਂ ਸ਼ੁਰੂ ਕੀਤੀ ਇਸ ਸੁਵਿਧਾ ਤੋਂ ਰੋਜ਼ਾਨਾ 45 ਤੋਂ 50 ਵਿਦਿਆਰਥੀ ਲਾਭ ਲੈ ਰਹੇ ਹਨ।