ਸ਼ਗਨ ਕਟਾਰੀਆ
ਬਠਿੰਡਾ, 5 ਜੂਨ
‘ਨਰਿੰਦਰਦੀਪ ਸਿੰਘ ਹਿਰਾਸਤੀ ਕਤਲ ਵਿਰੋਧੀ ਐਕਸ਼ਨ ਕਮੇਟੀ’ ਦੀ ਅਗਵਾਈ ’ਚ ਐੱਸਐੱਸਪੀ ਦਫ਼ਤਰ ਅੱਗੇ ਨਿਆਂ ਪ੍ਰਾਪਤੀ ਲਈ ਧਰਨਾ ਦਿੱਤਾ ਗਿਆ। ਬੁਲਾਰਿਆਂ ਨੇ ਮੰਗ ਕੀਤੀ ਕਿ ਸੀਆਈਏ ਸਟਾਫ ਬਠਿੰਡਾ-2 ਦੀ ਕਥਿਤ ਹਿਰਾਸਤ ’ਚ ਮਾਰੇ ਗਏ ਗੋਨਿਆਣਾ ਮੰਡੀ ਦੇ ਨੌਜਵਾਨ ਨਰਿੰਦਰਦੀਪ ਸਬੰਧੀ ਮਾਮਲੇ ਦੀ ਉੱਚ ਪੱਧਰੀ ਸਮਾਂ-ਬੱਧ ਅਦਾਲਤੀ ਜਾਂਚ ਅਤੇ ਪੁਲੀਸ ਮੁਲਾਜ਼ਮਾਂ ’ਤੇ ਕਤਲ ਦਾ ਪਰਚਾ ਦਰਜ ਕਰ ਕੇ ਗ੍ਰਿਫ਼ਤਾਰ ਕੀਤੇ ਜਾਣ। ਇਹ ਵੀ ਮੰਗ ਕੀਤੀ ਗਈ ਕਿ ਮਰਹੂਮ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਨੂੰ ਵਿੱਤੀ ਮੁਆਵਜ਼ਾ ਦਿੱਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਛੇੜਨ ਦੀ ਆੜ ’ਚ ਲੋਕ ਮਨਾਂ ਵਿੱਚ ਪੁਲੀਸ ਦੀ ਦਹਿਸ਼ਤ ਪੈਦਾ ਕਰਨ ਦੇ ਮਨਸੂਬੇ ਜੱਗ ਜ਼ਾਹਰ ਹੋ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਰਿੰਦਰਦੀਪ ਦੀ ਪੁਲੀਸ ਹਿਰਾਸਤ ’ਚ ਮੌਤ ਦੇ ਦੋ ਹਫ਼ਤੇ ਬੀਤਣ ਦੇ ਬਾਵਜੂਦ ਮੁਲਜ਼ਮ ਪੁਲੀਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੁੱਖ ਮੰਤਰੀ ਬਠਿੰਡਾ ਸ਼ਹਿਰ ’ਚ ਆਏ ਸਨ, ਪਰ ਉਨ੍ਹਾਂ ਪੀੜਤ ਪਰਿਵਾਰ ਨਾਲ ਹਮਦਰਦੀ ਦੇ ਦੋ ਲਫ਼ਜ਼ ਵੀ ਸਾਂਝੇ ਨਹੀਂ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ, ਇਸ ਲਈ ਉਹ ਪੰਜਾਬ ਨੂੰ ਪੁਲੀਸ ਰਾਜ ’ਚ ਤਬਦੀਲ ਕਰਨ ਦੇ ਰਾਹ ਪਈ ਹੋਈ ਹੈ। ਉਨ੍ਹਾਂ ਪਿਛਲੇ ਕੁਝ ਅਰਸੇ ਦੌਰਾਨ ਰਾਜ ਅੰਦਰ ਪੁਲੀਸ ਹਿਰਾਸਤ ’ਚ ਕਥਿਤ ਤੌਰ ’ਤੇ ਤਿੰਨ ਦਰਜਨ ਮੌਤਾਂ ਹੋਣ ਦੀ ਵੀ ਗੱਲ ਆਖੀ। ਮਰਹੂਮ ਨੌਜਵਾਨ ਦੀ ਪਤਨੀ ਨੈਨਸੀ ਨੇ ਕਿਹਾ ਕਿ ਉਸ ਦੇ ਪਤੀ ਨਰਿੰਦਰਦੀਪ ਸਿੰਘ ਇੱਕ ਕਾਬਲ ਆਈਲੈੱਟਸ ਅਧਿਆਪਕ ਸਨ, ਜੋ 23 ਮਈ ਨੂੰ ਰੋਜ਼ਾਨਾ ਵਾਂਗ ਘਰੋਂ ਆਪਣੀ ਡਿਊਟੀ ’ਤੇ ਗਏ। ਰਸਤੇ ’ਚ ਨਰਿੰਦਰਦੀਪ ਨੂੰ ਸੀਆਈਏ ਸਟਾਫ਼ ਬਠਿੰਡਾ-2 ਦੇ ਅਧਿਕਾਰੀਆਂ ਨੇ ਬਗ਼ੈਰ ਵਜ੍ਹਾ ਹਿਰਾਸਤ ’ਚ ਲੈ ਕੇ ਅਣਮਨੁੱਖੀ ਤਸੀਹੇ ਦਿੱਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਮੌਕੇ ਮਰਹੂਮ ਨਰਿੰਦਰਦੀਪ ਸਿੰਘ ਦੇ ਪਿਤਾ ਡਾ. ਰਣਜੀਤ ਸਿੰਘ, ਐਕਸ਼ਨ ਕਮੇਟੀ ਦੇ ਆਗੂ ਬਲਕਰਨ ਸਿੰਘ ਬਰਾੜ, ਸ਼ਿੰਗਾਰਾ ਸਿੰਘ ਮਾਨ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਲਛਮਣ ਸਿੰਘ ਸੇਵੇਵਾਲਾ, ਗੁਰਦੀਪ ਸਿੰਘ ਰਾਮਪੁਰਾ, ਜਸਵੀਰ ਕੌਰ ਨੱਤ ਨੇ ਸੰਬੋਧਨ ਕੀਤਾ।
ਪਰਿਵਾਰ ਨੂੰ ਹਰ ਹਾਲ ਵਿੱਚ ਇਨਸਾਫ਼ ਮਿਲੇਗਾ: ਐੱਸਐੱਸਪੀ
ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਮੁਲਾਜ਼ਮ ਅਵਤਾਰ ਸਿੰਘ ਤਾਰੀ, ਹੈਪੀ ਲੁਥਰਾ ਆਦਿ ਮੁਲਜ਼ਮਾਂ ’ਤੇ ਬੀਐੱਨਐੱਸ ਦੀ ਧਾਰਾ 105 ਤਹਿਤ ਪਹਿਲਾਂ ਹੀ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮੁਲਜ਼ਮ ਗਗਨਦੀਪ ਸਿੰਘ ਵੱਲੋਂ ਅਦਾਲਤ ਤੋਂ ਹਾਸਲ ਕੀਤੀ ਅਗਾਊਂ ਜ਼ਮਾਨਤ ਵੀ ਪੁਲੀਸ ਵੱਲੋਂ ਰੱਦ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮ ਫ਼ਰਾਰ ਹੋਣ ਕਰਕੇ ਉਨ੍ਹਾਂ ਦੀ ਭਾਲ ’ਚ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਪਰਿਵਾਰ ਨੂੰ ਮਿਲ ਕੇ ਆਏ ਸਨ ਅਤੇ ਪਰਿਵਾਰ ਨੂੰ ਯਕੀਨ ਦੁਆਇਆ ਸੀ ਕਿ ਇਸ ਮਾਮਲੇ ’ਚ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਹਰ ਹਾਲਤ ਤਰਜੀਹੀ ਆਧਾਰ ’ਤੇ ਨਿਆਂ ਜ਼ਰੂਰ ਮਿਲੇਗਾ। ਉਨ੍ਹਾਂ ਕਿਹਾ ਕਿ ਪੂਰੇ ਘਟਨਾਕ੍ਰਮ ਨੂੰ ਪੁਲੀਸ ਵੱਲੋਂ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵਾਚਿਆ ਜਾ ਰਿਹਾ ਹੈ ਅਤੇ ਜਿਉਂ ਹੀ ਪੋਸਟਮਾਰਟਮ ਦੀ ਅੰਤ੍ਰਿੰਮ ਰਿਪੋਰਟ ਪੁਲੀਸ ਕੋਲ ਆਵੇਗੀ ਤਾਂ ਕਾਰਵਾਈ ਨੂੰ ਹੋਰ ਅੱਗੇ ਵਧਾਉਣ ਵਿੱਚ ਮੱਦਦ ਮਿਲੇਗੀ।