ਅਧਿਆਪਕਾਂ ਨੂੰ ਫ਼ਾਰਗ ਕਰਨ ਖ਼ਿਲਾਫ਼ ਆਦਰਸ਼ ਸਕੂਲ ਅੱਗੇ ਧਰਨਾ
ਜੋਗਿੰਦਰ ਸਿੰਘ ਮਾਨ
ਮਾਨਸਾ, 1 ਜੁਲਾਈ
ਪਿੰਡ ਭੁਪਾਲ ਵਿੱਚ ਆਦਰਸ਼ ਸਕੂਲ ਦੇ ਅਧਿਆਪਕਾਂ ਦੀ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਹੇਠ ਅਧਿਆਪਕਾਂ ਨੇ ਸਕੂਲ ਦੇ ਮੁੱਖ ਗੇਟ ਅੱਗੇ ਧਰਨਾ ਆਰੰਭ ਕਰ ਦਿੱਤਾ ਹੈ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਸਕੂਲ ਵਿੱਚ ਲੰਬੇ ਸਮੇਂ ਤੋਂ ਪੜ੍ਹਾ ਰਹੇ ਅਧਿਆਪਕਾਂ ’ਚੋਂ 21 ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਵੱਲੋਂ ਬਗ਼ੈਰ ਉਨ੍ਹਾਂ ਦਾ ਪੱਖ ਸੁਣਿਆ ਫਾਰਗ ਕੀਤਾ ਗਿਆ ਹੈ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਅਧਿਆਪਕਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ, ਉੰਨਾ ਚਿਰ ਸੰਘਰਸ਼ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਸਾ ਦੇ ਐੱਸਡੀਐੱਮ ਕਾਲਾ ਰਾਮ ਕਾਂਸਲ ਨਾਲ ਇਸ ਮਾਮਲੇ ਦੇ ਸਬੰਧ ਵਿੱਚ ਹੋਈ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਪੀੜਤ ਅਧਿਆਪਕਾਂ ਦੀ ਸਹਿਮਤੀ ਨਾਲ ਜਥੇਬੰਦੀ ਵੱਲੋਂ ਇਹ ਧਰਨਾ ਲਾਇਆ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਆਦਰਸ਼ ਸਕੂਲ ਭੁਪਾਲ ਦਾ ਪ੍ਰਬੰਧ ਹੁਣ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਲ ਹੈ, ਜਦੋਂ ਕਿ ਸਕੂਲ ਦੀ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਕੰਮ ਨਾ ਕਰਨ ਸਬੰਧੀ ਭੇਜੇ ਗਏ ਪੱਤਰ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਸਕੂਲ ਚਲਾਉਣ ਲਈ ਸਾਰੇ ਅਧਿਕਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਨੂੰ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਵੱਲੋਂ 31 ਮਈ ਨੂੰ ਬਗ਼ੈਰ ਕਿਸੇ ਨੋਟਿਸ ਦਿੱਤੇ ਸਕੂਲ ਦੇ 21 ਅਧਿਆਪਕਾਂ ਨੂੰ ਫਾਰਗ ਕਰ ਦਿੱਤਾ ਗਿਆ ਸੀ। ਕਿਸਾਨ ਆਗੂ ਨੇ ਕਿਹਾ ਕਿ 4 ਜੁਲਾਈ ਨੂੰ ਵੱਡਾ ਇਕੱਠ ਕਰਕੇ ਤਿੱਖੇ ਸਘੰਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਰਾਜ ਸਿੰਘ ਅਕਲੀਆ, ਅਮਰਦੀਪ ਸਿੰਘ, ਜਸਪ੍ਰੀਤ ਕੌਰ, ਅਮਨਦੀਪ ਕੌਰ, ਜੀਤ ਸਿੰਘ ਧਲੇਵਾ ਤੇ ਰਾਜ ਸਿੰਘ ਅਲੀਸ਼ੇਰ ਨੇ ਵੀ ਸੰਬੋਧਨ ਕੀਤਾ।
ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਵੱਲੋਂ ਵੀ ਮੁਜ਼ਾਹਰਾ
ਰਾਮਪੁਰਾ ਫੂਲ (ਰਮਨਦੀਪ ਸਿੰਘ): ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਨੇ ਪਿੰਡ ਚਾਉਕੇ ਦੇ ਗੁਰਦੁਆਰਾ ਗੁਰੂ ਸਾਗਰ ਸਾਹਿਬ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਵੱਡਾ ਇਕੱਠ ਕਰਕੇ ਮੁਜ਼ਾਹਰਾ ਕੀਤਾ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਪ੍ਰਸ਼ਾਸਨ ਤੈਅ ਸ਼ਰਤਾਂ ਤੋਂ ਭੱਜ ਰਿਹਾ ਹੈ। ਇਨ੍ਹਾਂ ਸ਼ਰਤਾਂ ਵਿੱਚ ਸੰਦੀਪ ਸਿੰਘ ਤੇ ਨਵਨੀਤ ਸ਼ਰਮਾ ਦੀਆਂ ਸੇਵਾਵਾਂ ਬਹਾਲ ਕਰਨਾ, ਪਵਨਦੀਪ ਕੌਰ ਦਾ ਵਾਈਸ ਪ੍ਰਿੰਸੀਪਲ ਦਾ ਅਹੁਦਾ ਬਹਾਲ ਤੇ ਜੇਲ੍ਹ ’ਚ ਬੰਦ ਕਿਸਾਨ ਆਗੂ ਨੂੰ ਰਿਹਾਅ ਕਰਨਾ ਸ਼ਾਮਲ ਹੈ। ਇਸ ਦੌਰਾਨ ਅਧਿਆਪਕਾਂ ਵੱਲੋਂ 12 ਜੁਲਾਈ ਨੂੰ ਡੀਸੀ ਦਫ਼ਤਰ ਅੱਗੇ ਮੁਜ਼ਾਹਰੇ ਦਾ ਐਲਾਨ ਕੀਤਾ ਗਿਆ।