ਪ੍ਰਾਪਰਟੀ ਦਾ ਕੰਮ ਕਰਦੇ ਵਿਅਕਤੀ ਵੱਲੋਂ ਪੁੱਤਰ ਤੇ ਪਤਨੀ ਸਣੇ ਖ਼ੁਦਕੁਸ਼ੀ
ਕਰਮਜੀਤ ਸਿੰਘ ਚਿੱਲਾ
ਬਨੂੜ, 22 ਜੂਨ
ਬਨੂੜ ਤੋਂ ਤੇਪਲਾ (ਅੰਬਾਲਾ) ਮਾਰਗ ’ਤੇ ਪਿੰਡ ਚੰਗੇਰਾ ਨੇੜੇ ਫਾਰਚੂਨਰ ਕਾਰ ਵਿੱਚੋਂ ਪ੍ਰਾਪਰਟੀ ਦਾ ਕੰਮ ਕਰਦੇ ਸੰਦੀਪ ਸਿੰਘ (45), ਪਤਨੀ ਮਨਦੀਪ ਕੌਰ (42) ਅਤੇ ਪੁੱਤਰ ਅਭੈ (15 ਸਾਲ) ਦੀਆਂ ਲਾਸ਼ਾਂ ਮਿਲੀਆਂ ਹਨ। ਸੰਦੀਪ ਪਿੰਡ ਸਿੱਖਾਂਵਾਲਾ ਨੇੜੇ ਲੰਬੀ (ਜ਼ਿਲ੍ਹਾ ਬਠਿੰਡਾ) ਦਾ ਵਸਨੀਕ ਸੀ। ਅਭੈ ਦਿਮਾਗੀ ਤੌਰ ’ਤੇ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਸੀ। ਪੁਲੀਸ ਅਨੁਸਾਰ ਇਹ ਪਰਿਵਾਰ ਪਿਛਲੇ ਸੱਤ-ਅੱਠ ਸਾਲਾਂ ਤੋਂ ਮੁਹਾਲੀ ਦੇ ਸੈਕਟਰ-109 ਦਾ ਵਸਨੀਕ ਸੀ। ਸੰਦੀਪ ਸਿੰਘ ਦੇ ਹੱਥ ਵਿਚ ਪਿਸਤੌਲ ਫੜਿਆ ਹੋਇਆ ਸੀ ਅਤੇ ਤਿੰਨਾਂ ਦੇ ਸਿਰ ਵਿਚ ਗੋਲੀਆਂ ਦੇ ਨਿਸ਼ਾਨ ਹਨ। ਸਮਝਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਪਹਿਲਾਂ ਆਪਣੀ ਪਤਨੀ ਅਤੇ ਪੁੱਤਰ ਨੂੰ ਗੋਲੀਆਂ ਮਾਰਨ ਮਗਰੋਂ ਖ਼ੁਦ ਨੂੰ ਗੋਲੀ ਮਾਰ ਕੇ ਘਟਨਾ ਨੂੰ ਅੰਜਾਮ ਦਿੱਤਾ।
ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਖੇਤਾਂ ਦੀ ਪਹੀ ਵਿਚ ਖੜ੍ਹੀ ਫਾਰਚੂਨਰ ਗੱਡੀ ਦੇ ਨੇੜੇ ਟਿਊਬਵੈੱਲ ਲਗਾਉਣ ਲਈ ਕੁੱਝ ਵਿਅਕਤੀ ਆਏ। ਉਨ੍ਹਾਂ ਗੱਡੀ ਵਿਚ ਲਾਸ਼ਾਂ ਵੇਖ ਕੇ ਬਨੂੜ ਪੁਲੀਸ ਨੂੰ ਫੋਨ ਕੀਤਾ, ਜਿਸ ਮਗਰੋਂ ਐੱਸਐੱਚਓ ਅਰਸ਼ਦੀਪ ਸ਼ਰਮਾ, ਜਾਂਚ ਅਧਿਕਾਰੀ ਹਰਦੇਵ ਸਿੰਘ ਅਤੇ ਏਐੱਸਆਈ ਜਸਵਿੰਦਰਪਾਲ ਦੀ ਟੀਮ ਮੌਕੇ ’ਤੇ ਪਹੁੰਚੀ। ਸੂਚਨਾ ਮਿਲਣ ’ਤੇ ਰਾਜਪੁਰਾ ਤੋਂ ਡੀਐੱਸਪੀ ਮਨਜੀਤ ਸਿੰਘ ਵੀ ਮੌਕੇ ’ਤੇ ਪੁੱਜੇ। ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਵੱਖ-ਵੱਖ ਤਰ੍ਹਾਂ ਦੇ ਨਿਸ਼ਾਨ ਅਤੇ ਹੋਰ ਸੈਂਪਲ ਇਕੱਠੇ ਕੀਤੇ। ਪੁਲੀਸ ਦੇ ਪਹੁੰਚਣ ਤੱਕ ਫਾਰਚੂਨਰ ਗੱਡੀ ਸਟਾਰਟ ਹੀ ਖੜ੍ਹੀ ਸੀ, ਜਿਸ ਦੇ ਦਰਵਾਜ਼ੇ ਲਾਕ ਨਹੀਂ ਸਨ ਅਤੇ ਏਸੀ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਘਟਨਾ ਸ਼ਾਮ ਚਾਰ ਵਜੇ ਦੇ ਕਰੀਬ ਵਾਪਰੀ। ਪੁਲੀਸ ਵੱਲੋਂ ਰਾਤੀਂ ਅੱਠ ਵਜੇ ਦੇ ਕਰੀਬ ਸਾਰੀ ਕਾਰਵਾਈ ਮੁਕੰਮਲ ਕਰਨ ਉਪਰੰਤ ਤਿੰਨੋਂ ਜੀਆਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਡੀਐੱਸਪੀ ਮਨਜੀਤ ਸਿੰਘ ਅਤੇ ਥਾਣਾ ਮੁਖੀ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਖ਼ੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਦੇ ਇੱਕ ਰਿਸ਼ਤੇਦਾਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਅਤੇ ਉਸ ਦਾ ਪਰਿਵਾਰ ਕਿਸਾਨ ਪਰਿਵਾਰ ਨਾਲ ਸਬੰਧਤ ਹਨ ਅਤੇ ਉਹ ਪ੍ਰਾਪਰਟੀ ਦਾ ਵੀ ਕੰਮ ਕਰਦਾ ਸੀ। ਅਮਰਿੰਦਰ ਸਿੰਘ ਨੇ ਦੱਸਿਆ ਕਿ ਹਫ਼ਤਾ ਕੁ ਪਹਿਲਾਂ ਹੀ ਉਨ੍ਹਾਂ ਦੀ ਉਸ ਨਾਲ ਗੱਲ ਹੋਈ ਸੀ। ਮ੍ਰਿਤਕ ਦਾ ਇੱਕ ਭਰਾ ਆਪਣੇ ਪਿੰਡ ਰਹਿੰਦਾ ਹੈ ਜਦੋਂ ਕਿ ਉਸ ਦੀ ਭੈਣ ਵਿਦੇਸ਼ ਵਿਚ ਹੈ।