ਪ੍ਰਧਾਨ ਮੰਤਰੀ ਦਾ ਜੰਮੂ ਕਸ਼ਮੀਰ ਦੌਰਾ 6 ਨੂੰ
ਨਵੀਂ ਦਿੱਲੀ (ਆਦਿਤੀ ਟੰਡਨ): ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਜੂੂਨ ਨੂੰ ਜੰਮੂ ਕਸ਼ਮੀਰ ਦੇ ਦੌਰੇ ਦੌਰਾਨ ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਪੁਲ ‘ਚਨਾਬ ਪੁਲ’ ਦਾ ਉਦਘਾਟਨ ਕਰਨਗੇ। ਪਹਿਲਗਾਮ ਦਹਿਸ਼ਤੀ ਹਮਲੇ ਅਤੇ ਅਪਰੇਸ਼ਨ ਸਿੰਧੂਰ ਤਹਿਤ ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ਮਗਰੋਂ ਪ੍ਰਧਾਨ ਮੰਤਰੀ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਇਹ ਪਹਿਲਾ ਦੌਰਾ ਹੋਵੇਗਾ। ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਇਤਿਹਾਸ ਬਣਨ ਲਈ ਸਿਰਫ਼ ਤਿੰਨ ਦਿਨ ਬਾਕੀ ਹਨ। ਉਨ੍ਹਾਂ ਕਿਹਾ, ‘‘ਵਿਸ਼ਵ ਦਾ ਸਭ ਤੋਂ ਉੱਚਾ ਰੇਲਵੇ ਪੁਲ, ਸ਼ਕਤੀਸ਼ਾਲੀ ਚਨਾਬ ਪੁਲ, ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲਵੇ ਲਿੰਕ ਦੇ ਹਿੱਸੇ ਵਜੋਂ ਜੰਮੂ ਕਸ਼ਮੀਰ ਵਿੱਚ ਉੱਚਾ ਖੜ੍ਹਾ ਹੈ। ਇਹ ਕੁਦਰਤ ਦੀ ਸਭ ਤੋਂ ਔਖੀ ਅਜ਼ਮਾਇਸ਼ ਦਾ ਸਾਹਮਣਾ ਕਰਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਮੋਦੀ 6 ਜੂਨ ਨੂੰ ਚਨਾਬ ਪੁਲ ਦਾ ਉਦਘਾਟਨ ਕਰਨਗੇ। ਇਹ ਪੁਲ ਨਵੇਂ ਭਾਰਤ ਦੀ ਤਾਕਤ ਤੇ ਦੂਰਦਰਸ਼ੀ ਸੋਚ ਦਾ ਗੌਰਵਮਈ ਪ੍ਰਤੀਕ ਹੈ।’
ਚਨਾਬ ਦਰਿਆ ਉੱਤੇ 359 ਮੀਟਰ (1,178 ਫੁੱਟ) ਦੀ ਉਚਾਈ ’ਤੇ ਬਣਿਆ ਇਹ ਪੁਲ ਪੈਰਿਸ ਦੇ ਆਈਫਲ ਟਾਵਰ ਤੋਂ 35 ਮੀਟਰ ਉੱਚਾ ਹੈ। ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਬੱਕਲ ਅਤੇ ਕੌਰੀ ਵਿਚਕਾਰ ਬਣਿਆ ਆਰਕ ਪੁਲ ਦਰਿਆ ਦੇ ਤਲ ਤੋਂ 1,178 ਫੁੱਟ ਉੱਚਾ ਹੈ, ਜੋ ਕੱਟੜਾ ਤੋਂ ਬਨਿਹਾਲ ਤੱਕ ਮਹੱਤਵਪੂਰਨ ਲਿੰਕ ਹੈ। ਇਹ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲਵੇ ਲਿੰਕ ਦਾ ਹਿੱਸਾ ਹੈ, ਜੋ 35,000 ਕਰੋੜ ਰੁਪਏ ਦਾ ਸੁਪਨਮਈ ਪ੍ਰਾਜੈਕਟ ਹੈ। ਪੁਲ ਨੇ ਸਾਰੇ ਲਾਜ਼ਮੀ ਟੈਸਟ ਪਾਸ ਕਰ ਲਏ ਹਨ।
ਦੋ ਦਹਾਕਿਆਂ ਦੀ ਉਡੀਕ ਹੋਈ ਖ਼ਤਮ
ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਦੋ ਦਹਾਕਿਆਂ ਦੀ ਉਡੀਕ ਮਗਰੋਂ ਇਹ ਪੁਲ ਮਿਲੇਗਾ। ਇਹ ਪ੍ਰਾਜੈਕਟ ਸਾਲ 2003 ਵਿੱਚ ਮਨਜ਼ੂਰ ਹੋਇਆ ਸੀ ਪਰ ਸਥਿਰਤਾ ਅਤੇ ਸੁਰੱਖਿਆ ਦੇ ਡਰ ਕਾਰਨ ਪ੍ਰਾਜੈਕਟ ਦੇਰੀ ਨਾਲ ਸ਼ੁਰੂ ਹੋਇਆ। ਸਾਲ 2008 ਵਿੱਚ ਰੇਲਵੇ ਪੁਲ ਦੇ ਨਿਰਮਾਣ ਦਾ ਠੇਕਾ ਦਿੱਤਾ ਗਿਆ ਸੀ। ਪੁਲ ਦੀ ਸਥਿਰਤਾ ਅਤੇ ਸੁਰੱਖਿਆ ਦੀ ਜਾਂਚ ਕਰਨ ਲਈ ਕੀਤੇ ਗਏ ਟੈਸਟਾਂ ਵਿੱਚ ਉੱਚ-ਰਫ਼ਤਾਰ ਵਾਲੀਆਂ ਹਵਾਵਾਂ ਦੀ ਜਾਂਚ, ਸਿਖਰਲੇ ਤਾਪਮਾਨ ਦੀ ਜਾਂਚ, ਭੂਚਾਲ-ਸੰਭਾਵੀ ਟੈਸਟ ਅਤੇ ਪਾਣੀ ਦੇ ਪੱਧਰ ਵਿੱਚ ਵਾਧੇ ਕਾਰਨ ਹਾਈਡ੍ਰੋਲੋਜੀਕਲ ਪ੍ਰਭਾਵ ਸ਼ਾਮਲ ਹਨ। ਉਦਘਾਟਨ ਮਗਰੋਂ ਇਹ ਪੁਲ 260 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਅਤੇ ਇਸ ਦੀ ਉਮਰ 120 ਸਾਲ ਹੋਵੇਗੀ।