ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਧਰਮ ਦੇ ਨਾਂ ’ਤੇ ਵੰਡਿਆ: ਭਗਵੰਤ ਮਾਨ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਨਸ਼ੇ ਵੇਚ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਵਾਲਿਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਅੱਜ ਇਥੇ ਸ਼ਹਿਰ ਵਾਸੀਆਂ ਨੂੰ ਲਗਪਗ 350 ਕਰੋੜ ਰੁਪਏ ਦੀਆਂ ਸੜਕਾਂ ਅਤੇ ਲਾਇਬ੍ਰੇਰੀਆਂ ਦਾ ਉਦਘਾਟਨ ਕਰਨ ਮਗਰੋਂ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਮੌਜੂਦਗੀ ਵਿੱਚ ਇਕੱਠ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਲੋਕਾਂ ਵਿੱਚ ਧਰਮ ਦੇ ਨਾਮ ’ਤੇ ਵੰਡੀਆਂ ਪਾਈਆਂ ਗਈਆਂ ਅਤੇ ਉਨ੍ਹਾਂ ਦੀ ਭਲਾਈ ਨੂੰ ਅਣਗੌਲਿਆ ਕਰੀ ਰੱਖਿਆ। ਉਨ੍ਹਾਂ ਨੇ ਪਵਿੱਤਰ ਗ੍ਰੰਥਾਂ ਨੂੰ ਲਿਜਾਣ ਵਾਲੇ ਵਾਹਨਾਂ ਉੱਤੇ ਲਾਏ ਜਾਣ ਵਾਲੇ ਟੈਕਸਾਂ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫਿਰਕੂ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰੇ ਦਾ ਮਾਹੌਲ ਹੈ ਜੋ ਵਿਕਾਸ ਲਈ ਅਤਿ ਲੋੜੀਂਦਾ ਤੇ ਮਹੱਤਵਪੂਰਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦੇਣ ਵਾਲੇ ਜਰਨੈਲਾਂ ਨੂੰ ਪਹਿਲਾਂ ਹੀ ਸਲਾਖਾਂ ਪਿੱਛੇ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਨੇ ਵੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਹਿੰਮਤ ਨਹੀਂ ਕੀਤੀ ਸੀ ਪਰ ਹੁਣ ‘ਆਪ’ ਸਰਕਾਰ ਨੇ ਅਜਿਹਾ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ ਤਾਂ ਜੋ ਕੋਈ ਵੀ ਮੁੜ ਕਦੇ ਵੀ ਇਹ ਪਾਪ ਕਰਨ ਦੀ ਹਿੰਮਤ ਨਾ ਕਰੇ। ਮੁੱਖ ਮੰਤਰੀ ਨੇ ਦੁਹਰਾਇਆ ਕਿ ਪੀੜਤਾਂ ਦਾ ਘਾਣ ਕਰ ਕੇ ਤਸਕਰਾਂ ਦੇ ਵਧਣ-ਫੁੱਲਣ ’ਤੇ ਸੂਬਾ ਸਰਕਾਰ ਚੁੱਪ ਨਹੀਂ ਬੈਠੇਗੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਤੌਰ ’ਤੇ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਜਾਂ ਢਾਹਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ 3,500 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 19,000 ਕਿਲੋਮੀਟਰ ਲਿੰਕ ਸੜਕਾਂ ਨੂੰ ਕਵਰ ਕਰਨ ਵਾਲੇ ਵਿਸ਼ਾਲ ਸੜਕੀ ਪ੍ਰਾਜੈਕਟ ਦੀ ਸ਼ੁਰੂਆਤ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਪੇਂਡੂ ਵਿਕਾਸ ਫੰਡ (ਆਰਡੀਐੱਫ) ਵਿੱਚ ਸੂਬੇ ਦੇ ਹਿੱਸੇ ਵਿੱਚੋਂ ਛੇ ਹਜ਼ਾਰ ਕਰੋੜ ਰੁਪਏ ਰੋਕਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜੇ ਇਹ ਫੰਡ ਜਾਰੀ ਹੋ ਜਾਣ ਤਾਂ ਸੂਬੇ ਦੀ ਹਰ ਸੜਕ ਬਣਾਈ ਜਾ ਸਕਦੀ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਸਨ।
ਬਾਇਓਗੈਸ ਪਲਾਂਟ ਰੇੜਕਾ ਖ਼ਤਮ ਕਰਨ ਲਈ ਮਾਹਿਰਾਂ ਤੇ ਪਿੰਡ ਵਾਸੀਆਂ ਦੀ ਕਮੇਟੀ ਬਣਾਉਣ ਦਾ ਐਲਾਨ
ਚੰਡੀਗੜ੍ਹ/ਜਗਰਾਉਂ (ਆਤਿਸ਼ ਗੁਪਤਾ/ਜਸਬੀਰ ਸਿੰਘ ਸ਼ੇਤਰਾ): ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਅਖਾੜਾ ਵਿੱਚ ਲਾਏ ਜਾ ਰਹੇ ਬਾਇਓਗੈਸ ਪਲਾਂਟ ਦੇ ਮਸਲੇ ਦੇ ਸਥਾਈ ਹੱਲ ਲਈ ਪਿੰਡ ਵਾਸੀਆਂ ਅਤੇ ਮਾਹਿਰਾਂ ਦੀ ਸਾਂਝੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਮੁੱਖ ਮੰਤਰੀ ਨੇ ਚੰਡੀਗੜ੍ਹ ਵਿੱਚ ਆਪਣੀ ਸਰਕਾਰੀ ਰਿਹਾਇਸ਼ ’ਤੇ ਤਾਲਮੇਲ ਸੰਘਰਸ਼ ਕਮੇਟੀ ਦੇ ਆਗੂ ਗੁਰਤੇਜ ਸਿੰਘ ਤੇ ਹੋਰ ਨੁਮਾਇੰਦਿਆਂ ਦੇ ਵਫ਼ਦ ਨਾਲ ਮੁਲਾਕਾਤ ਦੌਰਾਨ ਕੀਤਾ। ਜਗਰਾਉਂ ਨਜ਼ਦੀਕੀ ਪਿੰਡ ਅਖਾੜਾ ਵਿੱਚ ਲੱਗਣ ਵਾਲੀ ਬਾਇਓਗੈਸ ਪਲਾਂਟ ਖ਼ਿਲਾਫ਼ ਸਥਾਨਕ ਲੋਕ ਸਵਾ ਸਾਲ ਤੋਂ ਸੰਘਰਸ਼ ਕਰ ਰਹੇ ਹਨ। ਫੈਕਟਰੀ ਚਾਲੂ ਕਰਵਾਉਣ ਲਈ ਪ੍ਰਸ਼ਾਸਨ ਤੇ ਪੁਲੀਸ ਵੱਲੋਂ ਹਰ ਢੰਗ-ਤਰੀਕਾ ਵਰਤਿਆ ਗਿਆ। ਸਾਰਾ ਪਿੰਡ ਗੈਸ ਪਲਾਂਟ ਦੇ ਵਿਰੋਧ ਵਿੱਚ ਇਕਜੁੱਟ ਹੋ ਕੇ ਖੜ੍ਹ ਗਿਆ ਅਤੇ ਸਵਾ ਸਾਲ ਡਟਿਆ ਰਿਹਾ। ਮੁੱਖ ਮੰਤਰੀ ਨੇ ਅੱਜ ਪਿੰਡ ਵਾਸੀਆਂ ਤੇ ਮਾਹਿਰਾਂ ਦੀ 21 ਮੈਂਬਰੀ ਸਾਂਝੀ ਕਮੇਟੀ ਬਣਾਉਣ ਦਾ ਐਲਾਨ ਕੀਤਾ। ਇਸ ਸਾਂਝੀ ਕਮੇਟੀ ਵਿੱਚ 11 ਮਾਹਿਰ ਸ਼ਾਮਲ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਮੇਟੀ ਨਿਰਧਾਰਤ ਸਮੇਂ ਵਿੱਚ ਆਪਣੀ ਰਿਪੋਰਟ ਦੇਵੇਗੀ। ਪੂਰੀ ਪੜਤਾਲ ਮਗਰੋਂ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਪਿੰਡ ਵਾਸੀਆਂ ਦੇ ਹਿੱਤ ਮਹਿਫੂਜ਼ ਰੱਖੇ ਜਾਣਗੇ। ਜਾਣਕਾਰੀ ਅਨੁਸਾਰ 21 ਮੈਂਬਰੀ ਕਮੇਟੀ ਵਿੱਚ ਡਾ. ਪਿਆਰੇ ਲਾਲ ਗਰਗ, ਪ੍ਰੋ. ਜਗਮੋਹਨ ਸਿੰਘ, ਡਾ. ਬਲਵਿੰਦਰ ਸਿੰਘ ਔਲਖ, ਡਾ. ਜਸਬੀਰ ਸਿੰਘ ਔਲਖ, ਡਾ. ਬਲਜਿੰਦਰ ਸਿੰਘ ਬਠਿੰਡਾ, ਡਾ. ਸਤਨਾਮ ਸਿੰਘ ਅਜਨਾਲਾ, ਕੰਵਲਜੀਤ ਖੰਨਾ, ਜਗਤਾਰ ਸਿੰਘ ਦੇਹੜਕਾ, ਡਾ. ਸੁਖਦੇਵ, ਗੁਰਤੇਜ ਸਿੰਘ ਅਖਾੜਾ, ਡਾ. ਬੀਕੇ ਸੈਣੀ ਨੂੰ ਸ਼ਾਮਲ ਕੀਤਾ ਗਿਆ ਹੈ।