ਚਰਨਜੀਤ ਭੁੱਲਰ
ਚੰਡੀਗੜ੍ਹ, 12 ਜੂਨ
ਬਠਿੰਡਾ ਵਿੱਚ ਨਵਾਂ ਬੱਸ ਅੱਡਾ ਬਣਾਉਣ ਲਈ ਰਾਹ ਪੱਧਰਾ ਹੋ ਗਿਆ ਹੈ। ਪਾਵਰਕੌਮ ਦੇ ‘ਬੋਰਡ ਆਫ਼ ਡਾਇਰੈਕਟਰਜ਼’ ਨੇ ਆਧੁਨਿਕ ਬੱਸ ਅੱਡੇ ਲਈ ਜ਼ਮੀਨ ਤਬਦੀਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪਾਵਰਕੌਮ ਦੇ ‘ਬੋਰਡ ਆਫ਼ ਡਾਇਰੈਕਟਰਜ਼’ ਦੀ ਮੀਟਿੰਗ ਲੰਘੀ 12 ਮਈ ਨੂੰ ਹੋਈ ਸੀ, ਜਿਸ ਦੇ ਮਿੰਟਸ ਜਾਰੀ ਹੋ ਗਏ ਹਨ। ਪਾਵਰਕੌਮ ਨੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ 30 ਏਕੜ ਜ਼ਮੀਨ ਬੱਸ ਅੱਡੇ ਲਈ ਤਬਦੀਲ ਕਰ ਦਿੱਤੀ ਹੈ। ਇਹ ਜ਼ਮੀਨ ਕੁਲੈਕਟਰ ਰੇਟ ਦੇ ਹਿਸਾਬ ਨਾਲ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਜਲਦ ਹੀ ਇਸ ਬੱਸ ਅੱਡੇ ਦੀ ਉਸਾਰੀ ਸ਼ੁਰੂ ਕਰਵਾਉਣ ਦੇ ਰੌਂਅ ਵਿੱਚ ਹੈ। ਜ਼ਿਕਰਯੋਗ ਹੈ ਕਿ ਪੰਜਾਬ ਕੈਬਨਿਟ ਨੇ ਇਸ ਬਾਰੇ ਸਿਧਾਂਤਕ ਪ੍ਰਵਾਨਗੀ ਪਹਿਲਾਂ ਹੀ ਦਿੱਤੀ ਹੋਈ ਹੈ। ਕਾਬਲੇਗੌਰ ਹੈ ਕਿ ਇਸ ਬੱਸ ਅੱਡੇ ਦੇ ਵਿਰੋਧ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਵੀ ਚੱਲ ਰਿਹਾ ਹੈ। ਗੌਰਤਲਬ ਹੈ ਕਿ ਪੰਜਾਬ ਸਰਕਾਰ ਦੀ ਤਜਵੀਜ਼ ਮੁਤਾਬਕ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਦੇ ਹੱਲ ਲਈ ਬੱਸ ਅੱਡਾ ਮਲੋਟ ਰੋਡ ’ਤੇ ਸ਼ਿਫ਼ਟ ਕੀਤਾ ਜਾਣਾ ਹੈ। ਕੁੱਝ ਅਰਸਾ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਜਵੀਜ਼ਤ ਬੱਸ ਅੱਡੇ ਵਾਲੀ ਥਾਂ ਦਾ ਦੌਰਾ ਕਰਕੇ ਨਿਰੀਖ਼ਣ ਕੀਤਾ ਜਾ ਚੁੱਕਿਆ ਹੈ। ਦੂਜੇ ਪਾਸੇ ਕੁੱਝ ਖੇਮਿਆਂ ਵੱਲੋਂ ਬੱਸ ਅੱਡੇ ਦੀ ਥਾਂ ਤਬਦੀਲੀ ਦੀ ਖ਼ਿਲਾਫ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਤਰਕ ਹੈ, ਨਵਾਂ ਬੱਸ ਅੱਡਾ ਸ਼ਹਿਰ ਤੋਂ ਦੂਰ ਹੈ। ਮੌਜੂਦਾ ਅੱਡਾ ਸ਼ਹਿਰ ਦੇ ਵਿਚਕਾਰ ਹੈ ਅਤੇ ਸ਼ਹਿਰ ਦੇ ਅਹਿਮ ਅਦਾਰੇ ਅਤੇ ਸਰਕਾਰੀ ਦਫ਼ਤਰਾਂ ਸਣੇ ਰੇਲਵੇ ਸਟੇਸ਼ਨ ਵੀ ਇਸ ਦੇ ਨੇੜੇ ਹੈ।
ਨਵੇਂ ਅੱਡੇ ਦੀਆਂ ਮੁਖ਼ਾਲਿਫ਼ ਧਿਰਾਂ ਵੱਲੋਂ ਤਾਜ਼ਾ ਕਾਰਵਾਈ ਧੋਖਾ ਕਰਾਰ
ਸੰਘਰਸ਼ੀ ਪਿੜ ’ਚ ਸੰਗਰਾਮ ਕਰ ਰਹੀ ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਦੇ ਪ੍ਰਧਾਨ ਬਲਤੇਜ ਵਾਂਦਰ ਨੇ ਇਸ ਨੂੰ ਧੋਖੇ ਵਾਲੀ ਕਾਰਵਾਈ ਦੱਸਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਡਿਪਟੀ ਕਮਿਸ਼ਨਰ ਵੱਲੋਂ ਲੋਕ-ਰਾਇ ਜਾਨਣ ਲਈ ਚੇਅਰਪਰਸਨ ਏਡੀਸੀ ਕੰਚਨ ਦੀ ਅਗਵਾਈ ਹੇਠ ਸਮੀਖ਼ਿਆ ਕਮੇਟੀ ਕਾਰਜਸ਼ੀਲ ਹੈ, ਦੂਜੇ ਪਾਸੇ ਅੰਦਰਖਾਤੇ ਮਾਮਲੇ ਦੀਆਂ ਜੜ੍ਹਾਂ ਕੁਤਰੀਆਂ ਜਾ ਰਹੀਆਂ ਹਨ। ਨਵੇਂ ਬੱਸ ਅੱਡੇ ਦੀ ਖ਼ਿਲਾਫ਼ਤ ਲਈ ਹੀ ਆਵਾਜ਼ ਚੁੱਕ ਰਹੀ ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰੋ. ਬੱਗਾ ਸਿੰਘ ਤੇ ਡਾ. ਅਜੀਤਪਾਲ ਸਿੰਘ ਨੇ ਇਸ ਕਾਰਵਾਈ ਨੂੰ ਪ੍ਰਸ਼ਾਸਨ ਵੱਲੋਂ ਪਿੱਠ ’ਚ ਛੁਰਾ ਮਾਰਨ ਦੇ ਤੁਲ ਦੱਸਿਆ। ਦੋਵਾਂ ਸੰਗਠਨਾਂ ਦੇ ਅਹੁਦੇਦਾਰਾਂ ਨੇ ਇਸ ਕਵਾਇਦ ਨੂੰ ਲੋਕ ਭਾਵਨਾਵਾਂ ਨਾਲ ਖਿਲਵਾੜ ਤੇ ਗ਼ੈਰ ਜਮਹੂਰੀ ਕਰਾਰ ਦਿੱਤਾ।