ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਮਈ
ਜ਼ਹਿਰੀਲੀ ਸ਼ਰਾਬ ਕਾਂਡ ਮਗਰੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਉਪ ਮੰਡਲ ਦੇ ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਭਗ ਅੱਠ ਪਿੰਡਾਂ ਦੇ 400 ਤੋਂ ਵੱਧ ਵਿਅਕਤੀਆਂ ਦੀ ਜਾਂਚ ਕੀਤੀ ਗਈ। ਸਿਹਤ ਵਿਭਾਗ ਵੱਲੋਂ ਸਮੇਂ ਸਿਰ ਕੀਤੀ ਗਈ ਇਸ ਕਾਰਵਾਈ ਕਾਰਨ ਜ਼ਹਿਰੀਲੀ ਸ਼ਰਾਬ ਨਾਲ ਪ੍ਰਭਾਵਿਤ ਹੋਏ ਲਗਪਗ 17 ਗੰਭੀਰ ਮਰੀਜ਼ਾਂ ਦੀ ਜਾਨ ਬਚੀ ਹੈ। ਇਸ ਘਟਨਾ ਵਿੱਚ ਉਪ ਮੰਡਲ ਦੇ ਪੰਜ ਪਿੰਡਾਂ ਵਿੱਚ ਲਗਪਗ 28 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਪੁਲੀਸ ਨੇ ਜ਼ਹਿਰੀਲੀ ਸ਼ਰਾਬ ਦੇ ਧੰਦੇ ਦੇ ਦੋਸ਼ ਹੇਠ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸਿਹਤ ਵਿਭਾਗ ਵੱਲੋਂ ਉਪ ਮੰਡਲ ਦੇ ਅੱਠ ਪਿੰਡਾਂ ਭੰਗਾਲੀ ਕਲਾਂ, ਥਰੀਏਵਾਲ, ਮਰੜੀ ਕਲਾਂ, ਤਲਵੰਡੀ ਖੁੰਮਨ, ਭਗਵਾਂ, ਕਰਨਾਲਾ, ਪਤਾਲਪੁਰੀ ਤੇ ਗਾਲੋਵਾਲੀ ਕੁੱਲੀਆਂ ਵਿੱਚ ਜਾਂਚ ਮੁਹਿੰਮ ਛੇੜੀ ਗਈ ਸੀ। ਇਸ ਵਾਸਤੇ ਡਾਕਟਰਾਂ ਤੇ ਹੋਰ ਅਮਲੇ ਦੀਆਂ ਲਗਪਗ ਅੱਠ ਟੀਮਾਂ ਤਿਆਰ ਕੀਤੀਆਂ ਗਈਆਂ ਸਨ।
ਇਨ੍ਹਾਂ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਦੀ ਅਗਵਾਈ ਹੇਠ ਇਨ੍ਹਾਂ ਅੱਠ ਪਿੰਡਾਂ ਵਿੱਚ ਸ਼ਰਾਬ ਪੀਣ ਨਾਲ ਲਗਭਗ 400 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਼ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਇਨ੍ਹਾਂ ਵਿੱਚੋਂ ਕਿਸੇ ਨੇ ਜ਼ਹਿਰੀਲੀ ਸ਼ਰਾਬ ਤਾਂ ਨਹੀਂ ਸੀ ਪੀਤੀ। ਸਿਵਲ ਸਰਜਨ ਡਾਕਟਰ ਕਿਰਨ ਦੋ ਦੀਪ ਕੌਰ ਨੇ ਦੱਸਿਆ ਕਿ ਪਿਛਲੇ ਲਗਪਗ ਚਾਰ ਦਿਨ ਲਗਾਤਾਰ ਇਨ੍ਹਾਂ ਪਿੰਡਾਂ ਵਿੱਚ ਮੈਡੀਕਲ ਟੀਮਾਂ ਨੇ ਘਰ ਘਰ ਜਾ ਕੇ ਸਰਵੇਖਣ ਕੀਤਾ ਅਤੇ ਲੋਕਾਂ ਦਾ ਚੈੱਕਅੱਪ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਰੈਫਰ ਕਰ ਕੇ ਕਈ ਜਾਨਾਂ ਬਚਾਈਆਂ ਗਈਆਂ ਹਨ। ਜਾਂਚ ਟੀਮਾਂ ਨੇ ਘਰ ਘਰ ਜਾ ਕੇ ਲੋਕਾਂ ਕੋਲੋਂ ਪੁੱਛ-ਪੜਤਾਲ ਕੀਤੀ।
ਉਨ੍ਹਾਂ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਅਤੇ ਕਈ ਵਿਅਕਤੀਆਂ ਦੀਆਂ ਮੌਤਾਂ ਹੋਈਆਂ, ਇਸ ਤੋਂ ਬਾਅਦ ਡਰ ਕਾਰਨ ਸ਼ਰਾਬ ਪੀਣ ਕਾਰਨ ਪ੍ਰਭਾਵਿਤ ਵਿਅਕਤੀ ਆਪਣੇ-ਆਪ ਵੀ ਸਾਹਮਣੇ ਆਏ ਹਨ ਤਾਂ ਜੋ ਉਨ੍ਹਾਂ ਦਾ ਬਚਾਅ ਹੋ ਸਕੇ। ਉਨ੍ਹਾਂ ਦੱਸਿਆ ਕਿ ਅਜਿਹੇ ਵਿਅਕਤੀਆਂ ਦੀ ਜਾਂਚ ਮਗਰੋਂ ਲੋੜ ਮੁਤਾਬਕ ਇਲਾਜ ਕੀਤਾ ਗਿਆ ਹੈ।