ਜ਼ਹਿਰੀਲੀ ਸ਼ਰਾਬ: ਵਿਰੋਧੀ ਪਾਰਟੀਆਂ ਨੇ ‘ਆਪ’ ਘੇਰੀ
ਚਰਨਜੀਤ ਭੁੱਲਰ
ਚੰਡੀਗੜ੍ਹ, 13 ਮਈ
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮਜੀਠਾ ਸ਼ਰਾਬ ਕਾਂਡ ਦੇ ਮਾਮਲੇ ’ਚ ‘ਆਪ’ ਦੀ ਹਾਈਕਮਾਨ ’ਤੇ ਨਿਸ਼ਾਨੇ ਸੇਧੇ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਘੁਟਾਲੇ ’ਚ ਜੇਲ੍ਹਾਂ ਕੱਟਣ ਵਾਲੇ ਹੁਣ ਚੰਡੀਗੜ੍ਹ ’ਚ ਬੈਠ ਕੇ ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ’ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲ ਕੇ ਜਾਂਚ ਦੀ ਮੰਗ ਕਰਨਗੇੇੇੇ। ਜਾਖੜ ਨੇ ਕਿਹਾ ਕਿ ਦਿੱਲੀ ਵਾਲਾ ਸ਼ਰਾਬ ਮਾਫ਼ੀਆ ਹੁਣ ਪੰਜਾਬ ’ਚ ਸਰਗਰਮ ਹੈ ਅਤੇ ਸ਼ਰਾਬ ਦੇ ਕਾਰੋਬਾਰੀਆਂ ਨੂੰ ਸਿਆਸੀ ਪੁਸ਼ਤਪਨਾਹੀ ਹੈ। ਸੰਗਰੂਰ ਦੇ ਸ਼ਰਾਬ ਕਾਂਡ ਤੋਂ ਵੀ ‘ਆਪ’ ਸਰਕਾਰ ਨੇ ਸਬਕ ਨਹੀਂ ਸਿੱਖਿਆ। ਉਨ੍ਹਾਂ ਕਿਹਾ ਕਿ ਦਿੱਲੀ ਦੀ ‘ਆਪ’ ਲੀਡਰਸ਼ਿਪ ਹੁਣ ਪੰਜਾਬ ਦੀ ਆਰਥਿਕ ਲੁੱਟ ਕਰਨ ਲਈ ਇੱਥੇ ਪੁੱਜੀ ਹੈ। ਇਹ ਆਗੂ ਕਿਸ ਹੈਸੀਅਤ ਵਿੱਚ ਪੰਜਾਬ ’ਚ ਸਰਕਾਰੀ ਮੀਟਿੰਗਾਂ ਕਰ ਰਹੇ ਹਨ। ਰਾਜਪਾਲ ਤੋਂ ਮਜੀਠਾ ਸ਼ਰਾਬ ਕਾਂਡ ਵਿੱਚ ਦਿੱਲੀ ਦੇ ਆਗੂਆਂ ਦੀ ਭੂਮਿਕਾ ਦੀ ਜਾਂਚ ਵੀ ਮੰਗੀ ਜਾਵੇਗੀ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੋਸ਼ ਲਾਏ ਕਿ ਦਿੱਲੀ ਤੋਂ ਆਏ ਵੱਡੇ ਆਗੂ ਪੰਜਾਬ ’ਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿੱਚੋਂ ਪੈਸਾ ਕਮਾ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼ਰਾਬ ਮਾਫ਼ੀਆ ‘ਆਪ’ ਦੀ ਦਿੱਲੀ ਲੀਡਰਸ਼ਿਪ ਦੀ ਸ਼ਹਿ ’ਤੇ ਚੱਲ ਰਿਹਾ ਹੈ। ਬਿੱਟੂ ਨੇ ਕਿਹਾ ਕਿ ਇਸ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜਾਂ ਸਾਬਕਾ ਜੱਜ ਤੋਂ ਸਮਾਂਬੱਧ ਨਿਆਇਕ ਜਾਂਚ ਕਰਾਈ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਤ੍ਰਾਸਦੀ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਤੁਰੰਤ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਧਿਕਾਰੀਆਂ ਦੀ ਸਰਪਰਸਤੀ ਬਿਨਾਂ ਅਜਿਹਾ ਸੰਭਵ ਨਹੀਂ ਹੈ। ਵੜਿੰਗ ਨੇ ਮੁੱਖ ਮੰਤਰੀ ਨੂੰ ਯਾਦ ਦਿਵਾਇਆ ਕਿ 2020 ਵਿੱਚ ਜਦੋਂ ਤਰਨ ਤਾਰਨ ਵਿੱਚ ਇਸੇ ਤਰ੍ਹਾਂ ਦੀ ਸ਼ਰਾਬ ਦੀ ਘਟਨਾ ਵਾਪਰੀ ਸੀ, ਤਾਂ ਉਨ੍ਹਾਂ (ਮਾਨ) ਨੇ ਆਬਕਾਰੀ ਮੰਤਰੀ ਤੋਂ ਅਸਤੀਫ਼ਾ ਦੇਣ ਅਤੇ ਉਨ੍ਹਾਂ ਵਿਰੁੱਧ ਕਤਲ ਦੇ ਦੋਸ਼ ਦਰਜ ਕਰਨ ਦੀ ਮੰਗ ਕੀਤੀ ਸੀ। ਵੜਿੰਗ ਨੇ ਕਿਹਾ ਕਿ ਮੁਲਜ਼ਮਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਪੀੜਤ ਪਰਿਵਾਰਾਂ ਨੂੰ 50-50 ਲੱਖ ਦੀ ਮਾਲੀ ਮਦਦ ਦਿੱਤੀ ਜਾਵੇ: ਪੰਧੇਰ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਸਰਵਣ ਸਿੰਘ ਪੰਧੇਰ ਨੇ ਮਜੀਠਾ ਨੇੜਲੇ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈ ਮੌਤਾਂ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਮਜੀਠਾ ਇਲਾਕੇ ਵਿੱਚ ਸ਼ਰਾਬ ਦੀ ਅਜਿਹਾ ਕਾਰੋਬਾਰ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਸ ਲਈ ਗਰੋਹ ਦੇ ਅਸਲ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ, ਉਨ੍ਹਾਂ ਨੂੰ ਫੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਪੰਜਾਬ ਸਰਕਾਰ ਦੀ ਅਖੌਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਨਾਕਾਮੀ ਨੂੰ ਜਗ-ਜਾਹਿਰ ਕਰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਬਹੁਤ ਘੱਟ ਹੈ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਮਜ਼ਦੂਰਾਂ ਨੂੰ 50-50 ਲੱਖ ਰੁਪਏ ਵਿੱਤੀ ਸਹਾਇਤੀ ਦਿੱਤੀ ਜਾਵੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇ।
ਜ਼ਹਿਰੀਲੀ ਸ਼ਰਾਬ ਨੇ ਮਾਪਿਆਂ, ਪਤਨੀ, ਤਿੰਨ ਧੀਆਂ ਅਤੇ ਪੁੱਤਰ ਦਾ ਸਹਾਰਾ ਖੋਹਿਆ
ਜੈਂਤੀਪੁਰ (ਜਗਤਾਰ ਸਿੰਘ ਛਿੱਤ): ਹਲਕਾ ਮਜੀਠਾ ਦੇ ਪਿੰਡ ਭੰਗਾਲੀ ਕਲਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਛੇ ਵਿਅਕਤੀਆਂ ਵਿੱਚੋਂ ਰੋਬਨਜੀਤ ਸਿੰਘ ਪੁੱਤਰ ਰਾਜ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਕਵਲਜੀਤ ਕੌਰ, ਤਿੰਨ ਧੀਆਂ 8, 6, 3 ਸਾਲ ਅਤੇ ਇੱਕ ਸਾਲ ਦਾ ਪੁੱਤਰ ਹੈ। ਰਾਜ ਸਿੰਘ ਦੇ ਇੱਕ ਪੁੱਤਰ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ। ਘਰ ਦੀ ਸਾਰੀ ਜ਼ਿੰਮੇਵਾਰੀ ਦਾ ਭਾਰ ਹੁਣ ਬਜ਼ੁਰਗ ਰਾਜ ਸਿੰਘ ਦੇ ਸਿਰ ’ਤੇ ਪੈ ਗਿਆ ਹੈ।
ਆਬਕਾਰੀ ਮੰਤਰੀ ਚੀਮਾ ਤੁਰੰਤ ਅਸਤੀਫ਼ਾ ਦੇਣ: ਬਾਜਵਾ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮਜੀਠਾ ਵਿੱਚ ਵਾਪਰੇ ਸ਼ਰਾਬ ਕਾਂਡ ਲਈ ਮੁੱਖ ਮੰਤਰੀ ਮਾਨ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਨੇ ਜਨਤਕ ਤੌਰ ’ਤੇ ਕਿਹਾ ਹੈ ਕਿ ਅਜਿਹੀ ਤ੍ਰਾਸਦੀ ਸਿਆਸੀ ਆਗੂਆਂ, ਨੌਕਰਸ਼ਾਹੀ ਅਤੇ ਪੁਲੀਸ ਦੀ ਸਹਾਇਤਾ ਤੋਂ ਬਿਨਾਂ ਨਹੀਂ ਹੋ ਸਕਦੀ। ਉਨ੍ਹਾਂ ਮੰਗ ਕੀਤੀ ਕਿ ਆਬਕਾਰੀ ਮੰਤਰੀ ਹਰਪਾਲ ਚੀਮਾ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਇਸ ਦੀ ਨਿਆਂਇਕ ਜਾਂਚ ਕਰਾਈ ਜਾਵੇ।
ਸ਼ਰਾਬ ਦੇ ਗ਼ੈਰਕਾਨੂੰਨੀ ਵਪਾਰ ’ਚ ‘ਆਪ’ ਆਗੂ ਸ਼ਾਮਲ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਹਨ ਕਿਉਂਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਅਤੇ ਆਗੂ ਸਿੱਧੇ ਤੌਰ ’ਤੇ ਇਸ ਗੈਰਕਾਨੂੰਨੀ ਵਪਾਰ ਵਿੱਚ ਸ਼ਾਮਲ ਹਨ। ਉਨ੍ਹਾਂ ਸਰਕਾਰ ਨੂੰ ਸੁਆਲ ਕੀਤਾ ਕਿ ‘ਤੁਹਾਡੀਆਂ ਟਾਸਕ ਫੋਰਸਾਂ ਕਿੱਥੇ ਹਨ।’ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ 16 ਲੋਕਾਂ ਦੀ ਮੌਤ ਹੋਣ ਮਗਰੋਂ ਇਸ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ ਅਤੇ ਬਿਨਾਂ ਪੋਸਟਮਾਰਟਮ ਤੋਂ ਮ੍ਰਿਤਕਾਂ ਦੇ ਸਸਕਾਰ ਕੀਤੇ ਗਏ ਹਨ।
ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਹੋਵੇ: ਰੱਖੜਾ ਤੇ ਢੀਂਡਸਾ
ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜੇ ਸੰਗਰੂਰ ਸ਼ਰਾਬ ਕਾਂਡ ਤੋਂ ਸਬਕ ਲਿਆ ਹੁੰਦਾ ਤਾਂ ਅੱਜ ਮਜੀਠਾ ਵਿੱਚ ਇਹ ਘਟਨਾ ਨਾ ਵਾਪਰਦੀ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਨਕਲੀ ਸ਼ਰਾਬ ਦੇ ਵੱਡੇ ਮਗਰਮੱਛਾਂ ’ਤੇ ਕਾਰਵਾਈ ਨਾ ਕਰ ਸਕੇ ਤਾਂ ਜਿਸ ਤਰ੍ਹਾਂ ਦਿੱਲੀ ਵਿੱਚ ਸ਼ਰਾਬ ਮਾਫ਼ੀਆ ਇਨ੍ਹਾਂ ਦੀ ਸਰਕਾਰ ਨੂੰ ਲੈ ਬੈਠਿਆ ਹੈ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ‘ਆਪ’ ਸਰਕਾਰ ਦਾ ਜਾਣਾ ਤੈਅ ਹੈ। ਦੋਹਾਂ ਆਗੂਆਂ ਨੇ ਇਸ ਘਟਨਾ ਦੀ ਸਰਕਾਰ ਤੋਂ ਸਮਾਂਬੱਧ ਮੈਜਿਸਟ੍ਰੇਟੀ ਜਾਂਚ ਦੀ ਮੰਗ ਕੀਤੀ।
ਬਾਜਵਾ, ਮਜੀਠੀਆ, ਕਰੀਮਪੁਰੀ, ਫ਼ਤਹਿਜੰਗ ਅਤੇ ਹੋਰ ਆਗੂ ਪਿੰਡ ਮਰੜੀ ਕਲਾਂ ਪੁੱਜੇ
ਜੈਂਤੀਪੁਰ (ਜਗਤਾਰ ਸਿੰਘ ਛਿੱਤ): ਹਲਕਾ ਮਜੀਠਾ ਦੇ ਪਿੰਡ ਭੰਗਾਲੀ ਕਲਾਂ, ਮਰੜ੍ਹੀ ਕਲਾਂ, ਥਰੀਏਵਾਲ, ਤਲਵੰਡੀ ਖੁੰਮਣ, ਟੱਪਰੀਆਂ ਅਤੇ ਕਰਨਾਲਾ ਦੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਅੱਜ ਇੱਥੇ ਕਈ ਰਾਜਸੀ ਆਗੂ ਪੁੱਜੇ। ਇਨ੍ਹਾਂ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਤੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਹਲਕਾ ਵਿਧਾਇਕ ਗੁਨੀਵ ਕੌਰ ਮਜੀਠੀਆ, ਭਾਜਪਾ ਆਗੂ ਫਤਹਿਜੰਗ ਸਿੰਘ ਬਾਜਵਾ, ਮਨਜੀਤ ਸਿੰਘ ਮੰਨਾ ਅਤੇ ਹਲਕਾ ਮਜੀਠਾ ਕਾਂਗਰਸ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਸ਼ਾਮਲ ਹਨ। ਇਨ੍ਹਾਂ ਸਬੰਧਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਸਰਕਾਰ ਤੋਂ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਮਰੜੀ ਕਲਾਂ, ਸਰਪੰਚ ਹਰਦੀਸ਼ ਸਿੰਘ ਭੰਗਾਲੀ ਕਲਾਂ, ਸਰਪੰਚ ਰਘਬੀਰ ਸਿੰਘ ਸੰਧੂ ਤਲਵੰਡੀ ਖੁੰਮਣ, ਸਾਬਕਾ ਸਰਪੰਚ ਮੁਕੇਸ਼ ਨੰਦਾ ਭੰਗਾਲੀ ਕਲਾਂ, ਸਰਪੰਚ ਹਰਪਾਲ ਸਿੰਘ ਸੋਹੀ ਸਾਬਕਾ ਸਰਪੰਚ ਨਿਸ਼ਾਨ ਸਿੰਘ ਭੰਗਾਲੀ, ਸਾਬਕਾ ਸਰਪੰਚ ਮਨਿੰਦਰ ਸਿੰਘ ਮਰੜ੍ਹੀ ਖੁਰਦ ਹਾਜ਼ਰ ਸਨ।