ੈਬਨਿਟ ਮੰਤਰੀ ਅਰੋੜਾ ਨਾਲ ਪੀਏ ਦੀ ਸਿੱਧੀ ਨਿਯੁਕਤੀ ਦਾ ਵਿਰੋਧ
ਕੁਲਦੀਪ ਸਿੰਘ
ਚੰਡੀਗੜ੍ਹ, 6 ਜੁਲਾਈ
ਪੰਜਾਬ ਦੀ ਵਜ਼ਾਰਤ ਵਿੱਚ ਨਵੇਂ ਬਣੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਮੁੱਖ ਸਕੱਤਰ ਪੰਜਾਬ ਦੀ ਥਾਂ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੱਲੋਂ ਆਪਣੇ ਵਿਭਾਗ ਦੇ ਕਰਮਚਾਰੀ ਉਮੇਸ਼ ਕੁਮਾਰ ਨੂੰ ਬਤੌਰ ਪੀਏ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਕਾਰਨ ਸਕੱਤਰੇਤ ਦੇ ਨਿੱਜੀ ਅਮਲੇ ਵਿੱਚ ਰੋਸ ਹੈ। ਪੰਜਾਬ ਸਕੱਤਰੇਤ ਪਰਸਨਲ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਨੇ ਦੱਸਿਆ ਕਿ ਸਕੱਤਰੇਤ ਬਣਨ ਤੋਂ ਲੈ ਕੇ ਹੁਣ ਤੱਕ ਹਮੇਸ਼ਾ ‘ਆਮ ਰਾਜ ਪ੍ਰਬੰਧ ਵਿਭਾਗ’ ਵੱਲੋਂ ਪ੍ਰਵਾਨਿਤ ਆਸਾਮੀਆਂ ਵਿਰੁੱਧ ਤਾਇਨਾਤੀਆਂ ਕੀਤੀਆਂ ਜਾਂਦੀਆਂ ਹਨ। ਸਕੱਤਰੇਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਸਕੱਤਰ ਪੰਜਾਬ ਨੂੰ ਅੱਖੋਂ ਪਰੋਖੇ ਕਰਕੇ ਵਧੀਕ ਮੁੱਖ ਸਕੱਤਰ (ਮਾਲ ਵਿਭਾਗ) ਵੱਲੋਂ ਆਪਣੇ ਵਿਭਾਗ ਦਾ ਕਰਮਚਾਰੀ ਉਸ ਵਿਭਾਗ ਦੇ ਮੰਤਰੀ ਨਾਲ ਲਗਾਇਆ ਗਿਆ ਹੋਵੇ, ਜਿਸ ਨਾਲ ਉਸ ਵਿਭਾਗ ਦਾ ਕੋਈ ਸਬੰਧ ਨਹੀਂ। ਉਨ੍ਹਾਂ ਦੱਸਿਆ ਕਿ ਰੂਲਾਂ ਮੁਤਾਬਿਕ ਇੱਕ ਮੰਤਰੀ ਨਾਲ ਇੱਕ ਨਿੱਜੀ ਸਕੱਤਰ, ਇੱਕ ਨਿੱਜੀ ਸਹਾਇਕ, ਇੱਕ ਸਟੈਨੋ, ਦੋ ਕਲਰਕ ਅਤੇ ਦੋ ਸੇਵਾਦਾਰ ਦੀਆਂ ਅਸਾਮੀਆਂ ਮਨਰਜ਼ੂਰਸ਼ੁਦਾ ਹਨ, ਜਿਨ੍ਹਾਂ ਵਿਰੁੱਧ ਤਾਇਨਾਤੀਆਂ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਮੁੱਖ ਸਕੱਤਰ ਪੰਜਾਬ ਦੀ ਪ੍ਰਵਾਨਗੀ ਨਾਲ ਕੀਤੀਆਂ ਜਾਂਦੀਆਂ ਹਨ।
ਇਸ ਤੋਂ ਇਲਾਵਾ ਜੇ ਕੋਈ ਮੰਤਰੀ ਚਾਹੇ ਤਾਂ ਉਹ ਵਿਭਾਗ ਦੇ ਕਿਸੇ ਕਰਮਚਾਰੀ ਦੀਆਂ ਸੇਵਾਵਾਂ ਵਾਧੂ ਤੌਰ ’ਤੇ ਲੈ ਸਕਦਾ ਹੈ ਪਰ ਕੋਈ ਬਾਹਰੀ ਵਿਭਾਗ ਵੱਲੋਂ ਸਿੱਧੀ ਤਾਇਨਾਤੀ ਨਹੀਂ ਕੀਤੀ ਜਾ ਸਕਦੀ। ਪਰਸਨਲ ਸਟਾਫ਼ ਐਸੋਸੀਏਸ਼ਨ ਨੇ ਇਸ ਨਿਯੁਕਤੀ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।