ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਸਤੰਬਰ
ਇੱਥੇ ਧਰਮਕੋਟ ਸਬ-ਡਿਵੀਜ਼ਨ ਅਧੀਨ ਸਤਲੁਜ ਦਰਿਆ ਨੇੜਲੇ ਪਿੰਡ ਅਮੀਵਾਲਾ ਵਿੱਚ ਜੰਗਲੀ ਸੂਰਾਂ ਦੇ ਝੁੰਡ ਵੱਲੋਂ ਕੀਤੇ ਗਏ ਹਮਲੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਕੁੱਝ ਲੋਕ ਇਸ ਨੂੰ ਤੇਂਦੂਆ ਸਮਝ ਰਹੇ ਹਨ। ਸੀਸੀਟੀਵੀ ਕੈਮਰੇ ਵਿੱਚ ਤੇਂਦੂਆ ਜਾਂ ਜੰਗਲੀ ਸੂਰ ਦੀ ਤਰ੍ਹਾਂ ਦਿਖਣ ਵਾਲੇ ‘ਜਾਨਵਰ’ ਨਜ਼ਰ ਆਏ ਹਨ।
ਕਈ ਦਿਨ ਤੋਂ ਦਹਿਸ਼ਤ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਇਹ ਜੰਗਲੀ ਜਾਨਵਰ ਫ਼ਸਲਾਂ ਦਾ ਨੁਕਸਾਨ ਵੀ ਕਰ ਰਹੇ ਹਨ।
ਡੀਐੱਸਪੀ ਧਰਮਕੋਟ ਰਵਿੰਦਰ ਸਿੰਘ ਅਤੇ ਥਾਣਾ ਧਰਮਕੋਟ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਸਤੁਲਜ ਦਰਿਆ ਨੇੜੇ ਜੰਗਲ ਹੋਣ ਕਾਰਨ ਇਹ ਜੰਗਲੀ ਸੂਰ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਜਾਨਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਕਾਬੂ ਨਹੀਂ ਆ ਸਕੇ ਅਤੇ ਜੰਗਲ ਵਿੱਚ ਚਲੇ ਗਏ ਹਨ।
ਪਿੰਡ ਅਮੀਵਾਲ ਦੇ ਸਰਪੰਚ ਰੇਸ਼ਮ ਸਿੰਘ, ਸੁਰਜੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਦੇ ਚਮਕੌਰ ਸਿੰਘ ’ਤੇ ਜੰਗਲੀ ਸੂਰਾਂ ਨੇ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਹੋਣ ਕਾਰਨ ਚਮਕੌਰ ਸਿੰਘ ਦੀ ਮੌਤ ਹੋ ਗਈ। ਜੰਗਲੀ ਜਾਨਵਰਾਂ ਕਾਰਨ ਪਿੰਡ ਅਤੇ ਨੇੜਲੇ ਪਿੰਡਾਂ ਦੇ ਲੋਕ ਦਹਿਸ਼ਤ ਵਿੱਚ ਹਨ।
ਉਨ੍ਹਾਂ ਪ੍ਰਸ਼ਾਸਨ ਤੋਂ ਜੰਗਲੀ ਸੂਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੰਗਲੀ ਸੂਰਾਂ ਦੇ ਮੱਦੇਨਜ਼ਰ ਪਿੰਡਾਂ ਵਿੱਚ ਐਲਾਨ ਕੀਤੇ ਜਾ ਰਹੇ ਹਨ ਕਿ ਲੋਕ ਸੁਚੇਤ ਰਹਿਣ ਅਤੇ ਬੱਚਿਆਂ ਨੂੰ ਘਰੋਂ ਬਾਹਰ ਨਾ ਜਾਣ ਦੇਣ।