ਜਨਰਲ ਕੈਟੇਗਿਰੀ ਕਮਿਸ਼ਨ ਦਾ ਚੇਅਰਮੈਨ ਨਾ ਲਗਾਉਣਾ ਮੰਦਭਾਗਾ ਕਰਾਰ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 13 ਜੁਲਾਈ
ਜਨਰਲ ਕੈਟੇਗਿਰੀ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੇ ਸੂਬਾਈ ਆਗੂਆਂ ਸੁਖਬੀਰ ਸਿੰਘ, ਜਰਨੈਲ ਸਿੰਘ ਬਰਾੜ, ਜਸਵੀਰ ਸਿੰਘ ਗੜਾਂਗ, ਰਣਜੀਤ ਸਿੰਘ ਸਿੱਧੂ, ਦਿਲਬਾਗ ਸਿੰਘ, ਕਪਿਲ ਦੇਵ ਪਰਾਸ਼ਰ ਤੇ ਸੁਦੇਸ਼ ਕਮਲ ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ ਜਨਰਲ ਕੈਟੇਗਿਰੀ ਕਮਿਸ਼ਨ ਦਾ ਚੇਅਰਮੈਨ ਨਾ ਲਗਾਉਣ ਨੂੰ ਮੰਦਭਾਗਾ ਆਖਿਆ ਹੈ। ਫੈੱਡਰੇਸ਼ਨ ਨੇ ਕਿਹਾ ਹੈ ਕਿ ਵਾਰ-ਵਾਰ ਭਰੋਸੇ ਦੇਣ ਦੇ ਬਾਵਜੂਦ ‘ਆਪ’ ਸਰਕਾਰ ਜਨਰਲ ਕੈਟੇਗਿਰੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਗਾ ਰਹੀ ਜਦੋਂਕਿ ਬਾਕੀ ਵਰਗਾਂ ਦੇ ਕਮਿਸ਼ਨਾਂ ਦੇ ਚੇਅਰਮੈਨ ਲਗਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਜਨਰਲ ਵਰਗ ਨੂੰ ਇਨਸਾਫ਼ ਨਹੀਂ ਦੇਣਾ ਚਾਹੁੰਦੀ।
ਉਨ੍ਹਾਂ ਕਿਹਾ ਸਰਕਾਰ ਨੇ ਕਮਿਸ਼ਨ ਲਈ ਥਾਂ ਅਤੇ ਸਟਾਫ ਦਾ ਵੀ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਜਨਰਲ ਵਰਗ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਬਣਾਏ ਕਮਿਸ਼ਨ ਲਈ ਜੇ ਚੇਅਰਮੈਨ ਦੀ ਨਿਯੁਕਤੀ ਹੀ ਨਹੀਂ ਕਰਨੀ ਤਾਂ ਫਿਰ ਇਸ ਦੀ ਸਾਰਥਿਕਤਾ ਕੀ ਹੈ। ਫੈੱਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਪਰ ਸਾਰੀਆਂ ਰਾਜਨੀਤਕ ਪਾਰਟੀਆਂ ਨਾਲ ਸਬੰਧਤ ਜਨਰਲ ਵਰਗ ਹਲਕਿਆਂ ਤੋਂ ਚੋਣ ਜਿੱਤੇ ਵਿਧਾਇਕ ਵੀ ਇਸ ਮਸਲੇ ’ਤੇ ਚੁੱਪ ਧਾਰੀ ਬੈਠੇ ਹਨ। ਉਨ੍ਹਾਂ ਜਨਰਲ ਵਰਗ ਨਾਲ ਸਬੰਧਤ ਵਿਧਾਇਕਾਂ ਕੋਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਵਾਬ ਮੰਗਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਫੈੱਡਰੇਸ਼ਨ ਜਲਦੀ ਹੀ ਚੇਅਰਮੈਨ ਦੀ ਨਿਯੁਕਤੀ ਕਰਾਉਣ ਲਈ ਸੂਬਾ ਪੱਧਰੀ ਸੰਘਰਸ਼ ਵਿੱਢੇਗੀ।