ਫੈਕਟਰੀ ’ਚ ਅੱਗ ਲੱਗਣ ਕਾਰਨ ਨੌਂ ਮਹੀਨੇ ਦੀ ਬੱਚੀ ਤੇ ਮਾਂ ਦੀ ਮੌਤ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 30 ਜੂਨ
ਇਥੋਂ ਦੇ ਪਿੰਡ ਸ਼ਾਹੀਮਾਜਰਾ ਨੇੜਲੇ ਉਦਯੋਗਿਕ ਖੇਤਰ ਫੇਜ਼ ਪੰਜ ਦੇ ਡੀ-39 ਪਲਾਟ ਨੰਬਰ ਵਿੱਚ ਲੋਹੇ ਦੀਆਂ ਡਾਈਆਂ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਨਾਲ ਨੌਂ ਮਹੀਨੇ ਦੀ ਬੱਚੀ ਸਣੇ ਉਸ ਦੀ ਮਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬੱਚੀ ਦਿਮਾਂਸ਼ੀ (9 ਮਹਨੇ) ਅਤੇ ਉਸ ਦੀ ਮਾਂ ਬਬੀਤਾ, ਵਾਸੀ ਬਲੌਂਗੀ ਵਜੋਂ ਹੋਈ ਹੈ। ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਬਬੀਤਾ ਨੇ ਪੀਜੀਆਈ ਚੰਡੀਗੜ੍ਹ ਵਿੱਚ ਦਮ ਤੋੜਿਆ। ਫੈਕਟਰੀ ਮਾਲਕ ਬਰਿੰਦਰ ਕੁਮਾਰ ਵੀ 35 ਫ਼ੀਸਦੀ ਤੋਂ ਵੱਧ ਝੁਲਸ ਗਿਆ ਹੈ। ਫੈਕਟਰੀ ਵਿੱਚ ਅੱਧੀ ਦਰਜਨ ਦੇ ਕਰੀਬ ਕਾਮੇ ਕੰਮ ਕਰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਦੀਆਂ ਲਪਟਾਂ ਵੇਖ ਕੇ ਆਲੇ-ਦੁਆਲੇ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੇ ਅਫ਼ਸਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਬੱਚੀ ਦੀ ਲਾਸ਼ ਫੈਕਟਰੀ ਅੰਦਰ ਬਣੇ ਪਏ ਬੈੱਡ ਨੇੜੇ ਪਈ ਸੀ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚ ਬਿਜਲੀ ਦੀਆਂ ਤਾਰਾਂ ਦੇ ਗੁੱਛੇ ਲਟਕ ਰਹੇ ਸਨ ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਹੋ ਸਕਦਾ ਹੈ। ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਮੌਕੇ ਦਾ ਜਾਇਜ਼ਾ ਲਿਆ। ਮੁਹਾਲੀ ਦੇ ਫੇਜ਼ ਇੱਕ ਦੀ ਪੁਲੀਸ ਨੇ ਮਾਮਲੇ ਸਬੰਧੀ ਅਗਲੀ ਕਾਰਵਾਈ ਵਿੱਢ ਦਿੱਤੀ ਹੈ। ਮਾਮਲੇ ਦੇ ਆਈਓ ਜਗਤ ਰਾਮ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਗੰਭੀਰ ਜ਼ਖ਼ਮੀ ਬਬੀਤਾ ਅਤੇ ਬਰਿੰਦਰ ਕੁਮਾਰ ਨੂੰ ਪਹਿਲਾਂ ਮੁਹਾਲੀ ਦੇ ਫੇਜ਼ ਛੇ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬਬੀਤਾ ਦੀ ਪੀਜੀਆਈ ਵਿੱਚ ਮੌਤ ਹੋ ਗਈ, ਜਦੋਂ ਕਿ ਬਰਿੰਦਰ ਕੁਮਾਰ ਜ਼ੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਮਾਂ-ਧੀ ਦੀਆਂ ਲਾਸ਼ਾਂ ਮੁਹਾਲੀ ਦੇ ਸਿਵਲ ਹਸਪਤਾਲ ’ਚ ਰਖਾਈਆਂ ਗਈਆਂ ਹਨ, ਜਿੱਥੇ ਮੰਗਲਵਾਰ ਨੂੰ ਉਨ੍ਹਾਂ ਦਾ ਪੋਸਟਮਾਰਟਮ ਕਰਾਇਆ ਜਾਵੇਗਾ।