ਅਕਾਲ ਤਖ਼ਤ ਦੇ ਸਾਹਮਣੇ ਨਵਾਂ ਇਮਲੀ ਦਾ ਬੂਟਾ ਲਾਇਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਜੂਨ
ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਕਾਲ ਤਖ਼ਤ ਦੇ ਸਾਹਮਣੇ ਮੁੜ ਇਮਲੀ ਦਾ ਨਵਾਂ ਬੂਟਾ ਲਾਇਆ ਗਿਆ ਹੈ। ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਤੋਂ ਪਹਿਲਾਂ ਇੱਥੇ ਇਮਲੀ ਦਾ ਇਤਿਹਾਸਕ ਦਰੱਖਤ ਹੁੰਦਾ ਸੀ, ਜਿੱਥੇ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਬੰਨ੍ਹ ਕੇ ਅਕਾਲ ਤਖ਼ਤ ਤੋਂ ਤਨਖਾਹ ਲਾਈ ਗਈ ਸੀ। ਫੌਜੀ ਹਮਲੇ ਸਮੇਂ ਅਕਾਲ ਤਖ਼ਤ ਦੀ ਇਮਾਰਤ ਦੇ ਨਾਲ ਹੀ ਇਹ ਦਰੱਖਤ ਵੀ ਨੁਕਸਾਨਿਆ ਗਿਆ ਸੀ। ਇਤਿਹਾਸਕ ਦਰੱਖਤ ਦੀ ਥਾਂ ’ਤੇ ਇੱਥੇ ਇਮਲੀ ਦਾ ਬੂਟਾ ਲਾਇਆ ਗਿਆ ਸੀ, ਜੋ ਕੁਝ ਸਾਲ ਚੱਲਿਆ ਤੇ ਖਰਾਬ ਹੋ ਗਿਆ ਸੀ। ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ 2005 ਵਿੱਚ ਲਾਇਆ ਗਿਆ ਬੂਟਾ ਪਲ ਗਿਆ ਸੀ ਪਰ ਅਚਾਨਕ ਹੀ ਉਹ ਖਰਾਬ ਹੋ ਗਿਆ ਤੇ ਸੜ ਗਿਆ। ਹੁਣ ਪੰਜਾਬ ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਦੀ ਮਦਦ ਨਾਲ ਇੱਥੋਂ ਦੇ ਵਾਤਾਵਰਨ ਦੇ ਅਨੁਕੂਲ ਰਹਿਣ ਵਾਲਾ ਨਵਾਂ ਬੂਟਾ ਲਾਇਆ ਗਿਆ ਹੈ। ਇਸ ਨੂੰ ਲਾਉਣ ਤੋਂ ਪਹਿਲਾਂ ਮਿੱਟੀ ਦੀ ਟਰੀਟਮੈਂਟ ਕੀਤੀ ਗਈ ਹੈ ਅਤੇ ਮਿੱਟੀ ਬਦਲੀ ਵੀ ਗਈ ਹੈ। ਉਨ੍ਹਾਂ ਦੱਸਿਆ ਕਿ ਖੇਤੀ ਮਾਹਿਰਾਂ ਨੇ ਦੱਸਿਆ ਕਿ ਜੋ ਪਹਿਲਾਂ ਇਥੇ ਇਮਲੀ ਦਾ ਬੂਟਾ ਲਾਇਆ ਗਿਆ ਸੀ, ਉਹ ਵਾਤਾਵਰਨ ਦੇ ਅਨੁਕੂਲ ਨਹੀਂ ਸੀ, ਜਿਸ ਕਾਰਨ ਉਹ ਮਰ ਗਿਆ । ਜ਼ਿਕਰਯੋਗ ਹੈ ਕਿ ਪੰਜਾਬ ਖੇਤੀ ਯੂਨੀਵਰਸਿਟੀ ਤੇ ਮਾਹਿਰ ਵਿਗਿਆਨੀਆਂ ਵੱਲੋਂ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਲੱਗੀਆਂ ਪੁਰਾਤਨ ਬੇਰੀਆਂ ਦੀ ਵੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਮਾਹਿਰ ਵਿਗਿਆਨੀਆਂ ਦੀ ਇਹ ਟੀਮ ਸਾਲ ਵਿੱਚ ਦੋ ਵਾਰ ਇੱਥੇ ਪੁਰਾਤਨ ਬੇਰੀਆਂ ਦੀ ਸਾਂਭ ਸੰਭਾਲ ਲਈ ਦੌਰਾ ਕਰਦੀ ਹੈ ਅਤੇ ਇਨ੍ਹਾਂ ਦਾ ਟਰੀਟਮੈਂਟ ਕੀਤਾ ਜਾਂਦਾ ਹੈ।