ਰੱਖਿਆ ਮੰਤਰਾਲੇ ਵੱਲੋਂ 13 ਖਰੀਦ ਸਮਝੌਤੇ ਸਹੀਬੰਦ
ਨਵੀਂ ਦਿੱਲੀ, 24 ਜੂਨ
ਰੱਖਿਆ ਮੰਤਰਾਲੇ ਨੇ ਸਰਹੱਦ ਪਾਰੋਂ ਹੁੰਦੇ ਅਤਿਵਾਦ ਦਾ ਮੁਕਾਬਲਾ ਕਰਨ ਅਤੇ ਭਾਰਤੀ ਸੈਨਾ ਦੀਆਂ ਜੰਗੀ ਤਿਆਰੀਆਂ ਮਜ਼ਬੂਤ ਕਰਨ ਲਈ ਐਮਰਜੈਂਸੀ ਖਰੀਦ ਪ੍ਰਣਾਲੀ ਤਹਿਤ 1980 ਕਰੋੜ ਰੁਪਏ ਦੇ 13 ਖਰੀਦ ਸਮਝੌਤੇ ਸਹੀਬੰਦ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਖਰੀਦ ਪ੍ਰੋਗਰਾਮ ਰਾਹੀਂ ਸੈਨਾ ਦੀ ਏਕੀਕ੍ਰਿਤ ਡਰੋਨ ਪਛਾਣ ਤੇ ਡਰੋਨ ਰੋਕੂ ਪ੍ਰਣਾਲੀ ਨੂੰ ਆਧੁਨਿਕ ਕੀਤਾ ਜਾ ਰਿਹਾ ਹੈ।
ਭਾਰਤ ਜੰਮੂ ਕਸ਼ਮੀਰ ’ਚ ਪਾਕਿਸਤਾਨ ਦੀ ਸ਼ਹਿ ਹਾਸਲ ਅਤਿਵਾਦ ਦਾ ਮਜ਼ਬੂਤੀ ਨਾਲ ਮੁਕਾਬਲਾ ਕਰਨ ਲਈ ਭਾਰਤੀ ਸੈਨਾ ਦੀ ਅਤਿਵਾਦ ਰੋਕੂ ਰਣਨੀਤੀ ਨੂੰ ਮਜ਼ਬੂਤ ਕਰ ਰਿਹਾ ਹੈ। ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਭਾਰਤ ਨੇ ਸੱਤ ਮਈ ਨੂੰ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ’ਚ ਨੌਂ ਅਤਿਵਾਦੀ ਟਿਕਾਣਿਆਂ ’ਤੇ ਹਮਲੇ ਕੀਤੇ ਸਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਉਹ ਹਲਕੇ ਰਾਡਾਰ, ਬਹੁਤ ਘੱਟ ਦੂਰੀ ਵਾਲੀਆਂ ਹਵਾਈ ਰੱਖਿਆ ਮਿਜ਼ਾਈਲਾਂ ਤੇ ਲਾਂਚਰ, ਰਿਮੋਟ ਨਾਲ ਚੱਲਣ ਵਾਲੇ ਹਵਾਈ ਵਾਹਨ ਅਤੇ ਹੋਰ ਜੰਗੀ ਸਾਜ਼ੋ-ਸਾਮਾਨ ਖਰੀਦ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਐਮਰਜੈਂਸੀ ਖਰੀਦ ਪ੍ਰਣਾਲੀ ਤਹਿਤ ਵੱਖ ਵੱਖ ਸ਼੍ਰੇਣੀਆਂ ਦੇ ਡਰੋਨ, ਬੁਲੇਟ ਪਰੂਫ ਜੈਕੇਟਾਂ ਤੇ ਬੈਲਿਸਟਿਕ ਹੈਲਮੇਟ ਵੀ ਖਰੀਦੇ ਜਾ ਰਹੇ ਹਨ। ਇੱਕ ਅਧਿਕਾਰਤ ਬਿਆਨ ਅਨੁਸਾਰ, ‘ਅਤਿਵਾਦ ਰੋਕੂ ਮੁਹਿੰਮਾਂ ਲਈ ਭਾਰਤੀ ਸੈਨਾ ਦੀਆਂ ਤਿਆਰੀਆਂ ਮਜ਼ਬੂਤ ਕਰਨ ਲਈ ਇੱਕ ਅਹਿਮ ਕਦਮ ਵਜੋਂ ਰੱਖਿਆ ਮੰਤਰਾਲੇ ਨੇ ਐਮਰਜੈਂਸੀ ਖਰੀਦ ਪ੍ਰਣਾਲੀ ਤਹਿਤ 13 ਕਰਾਰ ਕੀਤੇ ਹਨ।’ ਮੰਤਰਾਲੇ ਨੇ ਕਿਹਾ, ‘ਭਾਰਤੀ ਸੈਨਾ ਲਈ ਦੋ ਹਜ਼ਾਰ ਕਰੋੜ ਰੁਪਏ ਦੇ ਕੁਲ ਮਨਜ਼ੂਰਸ਼ੁਦਾ ਖਰਚੇ ’ਚੋਂ 1981.90 ਕਰੋੜ ਰੁਪਏ ਦੀ ਰਾਸ਼ੀ ਨਾਲ ਇਨ੍ਹਾਂ ਸਮਝੌਤਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।’ -ਪੀਟੀਆਈ