ਪਰਵਾਸੀਆਂ ਨੂੰ ਇਕ ਹਫ਼ਤੇ ਦੇ ਅੰਦਰ ਪਿੰਡ ਛੱਡਣ ਦਾ ਹੁਕਮ
ਅਮਨ ਸੂਦ/ਸੁਰਿੰਦਰ ਭਾਰਦਵਾਜ
ਫਤਹਿਗੜ੍ਹ ਸਾਹਿਬ, 13 ਜੁਲਾਈ
ਮੁੰਬਈ ’ਚ ਜਦੋਂ ‘ਬਾਹਰੀ ਵਿਅਕਤੀਆਂ’ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਉਸ ਨਾਲ ਮਿਲਦੀ-ਜੁਲਦੀ ਇਕ ਘਟਨਾ ਪੰਜਾਬ ’ਚ ਵੀ ਸਾਹਮਣੇ ਆਈ ਹੈ। ਫਤਹਿਗੜ੍ਹ ਸਾਾਹਿਬ ਦੇ ਪਿੰਡ ਲਖਨਪੁਰ ਗਰਚਾ ਪੱਤੀ ਦੀ ਪੰਚਾਇਤ ਨੇ ਪਰਵਾਸੀਆਂ ਨੂੰ ਇਕ ਹਫ਼ਤੇ ਦੇ ਅੰਦਰ ਪਿੰਡ ਛੱਡਣ ਦੇ ਹੁਕਮ ਸੁਣਾਏ ਹਨ। ਪੰਚਾਇਤ ਨੇ ਪਿੰਡ ’ਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਖ਼ਿਲਾਫ਼ ਮਤਾ ਪਾਸ ਕੀਤਾ ਹੈ। ਸਥਾਨਕ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਮਤੇ, ਜਿਸ ਦੀ ਕਾਪੀ ‘ਟ੍ਰਿਬਿਊਨ’ ਕੋਲ ਹੈ, ’ਚ ਕਿਹਾ ਗਿਆ ਹੈ ਕਿ ਕਈ ਪਰਵਾਸੀ ਪਿੰਡ ’ਚ ਅਵਾਰਾਗਰਦੀ ਕਰਦੇ ਰਹਿੰਦੇ ਹਨ ਅਤੇ ਔਰਤਾਂ ਤੇ ਬੱਚਿਆਂ ਨੂੰ ਪ੍ਰੇਸ਼ਾਨ ਕਰਦੇ ਹਨ। ਪਿੰਡ ਦੇ ਸਰਪੰਚ ਬਰਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਪਰਵਾਸੀ ਖੇਤਾਂ ’ਚ ਕੰਮ ਕਰਨ ਲਈ ਪੰਜਾਬ ਆਏ ਸਨ ਪਰ ਉਨ੍ਹਾਂ ਦਰਿਆ ਕੰਢੇ ਆਪਣੀਆਂ ਝੁੱਗੀਆਂ ਪੱਕੇ ਤੌਰ ’ਤੇ ਪਾ ਲਈਆਂ ਹਨ। ਮਤੇ ਨੂੰ ਜਾਇਜ਼ ਠਹਿਰਾਉਂਦਿਆਂ ਉਨ੍ਹਾਂ ਕਿਹਾ, ‘‘ਕਈ ਪਰਵਾਸੀ ਪਿੰਡ ’ਚ ਸਿਗਰਟਾਂ ਅਤੇ ਬੀੜੀਆਂ ਪੀਂਦੇ ਹੋਏ ਫਿਰਦੇ ਰਹਿੰਦੇ ਹਨ। ਉਹ ਨਸ਼ਿਆਂ ਦੇ ਵੀ ਆਦੀ ਹਨ ਜਿਸ ਕਾਰਨ ਉਨ੍ਹਾਂ ਦੇ ਚੋਰੀਆਂ, ਡਕੈਤੀਆਂ ਅਤੇ ਨਸ਼ਿਆਂ ਨਾਲ ਸਬੰਧਤ ਅਪਰਾਧਾਂ ’ਚ ਸ਼ਾਮਲ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਕਈ ਅਪੀਲਾਂ ਕਰਨ ਦੇ ਬਾਵਜੂਦ ਪਰਵਾਸੀ ਸੁਧਰੇ ਨਹੀਂ ਹਨ। ‘ਮੇਰੇ ਲਈ ਮੇਰਾ ਪਿੰਡ ਅਤੇ ਉਸ ਦੇ ਨਿਵਾਸੀ ਪਹਿਲਾਂ ਹਨ, ਜਿਸ ਕਾਰਨ ਅਸੀਂ ਮਤਾ ਪਾਸ ਕੀਤਾ ਹੈ।’ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਸਿਰਫ਼ ਆਧਾਰ ਕਾਰਡ ਜਾਂ ਪਛਾਣ ਪੱਤਰ ਵਾਲੇ ਪਰਵਾਸੀਆਂ ਨੂੰ ਪਿੰਡ ’ਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਬਿੰਦਾ ਨੇ ਕਿਹਾ, ‘‘ਜਿਹੜੇ ਪਿੰਡ ਵਾਸੀ ਪਰਵਾਸੀਆਂ ਨੂੰ ਕੰਮ ’ਤੇ ਰੱਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪਰਵਾਸੀਆਂ ਦੇ ਪਛਾਣ ਪੱਤਰ ਆਪਣੇ ਕੋਲ ਰੱਖਣੇ ਚਾਹੀਦੇ ਹਨ।’’ ਇਸ ਮੁੱਦੇ ’ਤੇ ਸਮਾਜਿਕ ਜਥੇਬੰਦੀਆਂ ਦੇ ਕੁਝ ਕਾਰਕੁਨਾਂ ਨੇ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਪਿੰਡ ਵਾਸੀਆਂ ਨੇ ਬਿਨਾਂ ਪਛਾਣ ਪੱਤਰਾਂ ਤੋਂ ਰਹਿ ਰਹੇ ਪਰਵਾਸੀਆਂ ਬਾਰੇ ਲਿਖਤੀ ਗਾਰੰਟੀ ਦੇਣ ਦੀ ਮੰਗ ਕੀਤੀ। ਉਂਝ ਪਰਵਾਸੀਆਂ ਨੇ ਕਿਹਾ ਕਿ ਉਹ ਸਿਰਫ਼ ਕੰਮ ਕਰਨਾ ਅਤੇ ਕੁਝ ਪੈਸੇ ਕਮਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘‘ਜੇ ਸਾਨੂੰ ਕੰਮ ਮਿਲਦਾ ਹੈ ਅਤੇ ਪਿੰਡ ਵਾਸੀਆਂ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਅਸੀਂ ਇਥੇ ਰਹਾਂਗੇ। ਜੇ ਸਾਨੂੰ ਮਜਬੂਰ ਕੀਤਾ ਗਿਆ ਤਾਂ ਅਸੀਂ ਪਿੰਡ ਛੱਡ ਦੇਵਾਂਗੇ।’’ ਖਮਾਣੋਂ ਦੇ ਡੀਐੱਸਪੀ ਏਐੱਸ ਕਾਹਲੋਂ ਨੇ ਕਿਹਾ ਕਿ ਉਹ ਅਜਿਹੇ ਕਿਸੇ ਮਤੇ ਤੋਂ ਅਣਜਾਣ ਹਨ ਅਤੇ ਜੇ ਉਨ੍ਹਾਂ ਨੂੰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਬੱਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਹਲਕੇ ਵਿੱਚ ਅਜਿਹੀ ਕਿਸੇ ਵੀ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਦੇਖਣਗੇ ਅਤੇ ਤੁਰੰਤ ਇਸ ਬਾਰੇ ਰਿਪੋਰਟ ਹਾਸਲ ਕਰਨਗੇ।