ਮੰਡੀ ਬੋਰਡ ਨੇ 720 ਪਲਾਟਾਂ ਦੀ ਈ-ਨਿਲਾਮੀ ਤੋਂ 324 ਕਰੋੜ ਕਮਾਏ
ਆਤਿਸ਼ ਗੁਪਤਾ
ਚੰਡੀਗੜ੍ਹ, 31 ਮਈ
ਪੰਜਾਬ ਮੰਡੀ ਬੋਰਡ ਨੂੰ ਲੰਬੇ ਸਮੇਂ ਤੋਂ ਆਰਥਿਕ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰ ਸਰਕਾਰ ਨੇ ਮੰਡੀ ਬੋਰਡ ਦੇ ਸੱਤ ਹਜ਼ਾਰ ਕਰੋੜ ਤੋਂ ਵੱਧ ਦੇ ਆਰਡੀਐੱਫ ਨੂੰ ਰੋਕ ਰੱਖਿਆ ਹੈ। ਅਜਿਹੇ ਸੰਕਟ ਭਰੇ ਹਾਲਾਤ ’ਚ ਪੰਜਾਬ ਮੰਡੀ ਬੋਰਡ ਨੂੰ ਆਰਥਿਕ ਤੌਰ ’ਤੇ ਵੱਡਾ ਹੰਗਾਰਾ ਮਿਲਿਆ ਹੈ। ਪੰਜਾਬ ਮੰਡੀ ਬੋਰਡ ਨੇ ਪਿਛਲੇ ਛੇ ਮਹੀਨਿਆਂ ਵਿੱਚ ਪਲਾਟਾਂ ਦੀ ਈ-ਨਿਲਾਮੀ ਰਾਹੀਂ 324 ਕਰੋੜ ਰੁਪਏ ਕਮਾਏ ਹਨ।
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਨੇ ਦਸੰਬਰ 2024 ਤੋਂ ਮਈ 2025 ਤੱਕ ਸੂਬੇ ਦੀਆਂ ਵੱਖ-ਵੱਖ ਮੰਡੀਆਂ ਵਿੱਚ 720 ਪਲਾਟਾਂ ਦੀ ਈ-ਨਿਲਾਮੀ ਕੀਤੀ ਹੈ। ਇਸ ਨਾਲ ਮੰਡੀ ਬੋਰਡ ਨੇ 324 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਦੀ ਈ-ਨਿਲਾਮੀ ਨੂੰ ਵਪਾਰੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਸਿਰਫ਼ ਮਈ 2025 ਵਿੱਚ ਹੀ 124 ਕਰੋੜ ਰੁਪਏ ਦੀ ਕੀਮਤ ਦੇ 211 ਪਲਾਟ ਵੇਚੇ ਗਏ ਹਨ। ਇਸ ਈ-ਨਿਲਾਮੀ ਦੌਰਾਨ ਲੁਧਿਆਣਾ ’ਚ 97, ਕੋਟਕਪੂਰਾ ਵਿੱਚ 30, ਕੁਰਾਲੀ ਵਿੱਚ 27, ਤਲਵੰਡੀ ਭਾਈ ਵਿੱਚ 23, ਮਹਿਤਪੁਰ ਵਿੱਚ 18, ਮੁਹਾਲੀ ਵਿੱਚ ਛੇ, ਰਾਜਪੁਰਾ ਵਿੱਚ ਪੰਜ ਅਤੇ ਫਗਵਾੜਾ ਵਿੱਚ ਪੰਜ ਪਲਾਟ ਨਿਲਾਮ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਮੰਡੀ ਬੋਰਡ ਨੇ ਦਸੰਬਰ 2024 ਵਿੱਚ 28 ਕਰੋੜ ਰੁਪਏ ’ਚ 48 ਪਲਾਟ, ਜਨਵਰੀ 2025 ’ਚ 48 ਕਰੋੜ ’ਚ 66 ਪਲਾਟ, ਫਰਵਰੀ ’ਚ 53 ਕਰੋੜ ਵਿੱਚ 139 ਪਲਾਟ, ਮਾਰਚ 2025 ਵਿੱਚ 71 ਕਰੋੜ ਰੁਪਏ ’ਚ 256 ਪਲਾਟਾਂ ਦੀ ਨਿਲਾਮੀ ਕੀਤੀ।