ਮਜੀਠੀਆ ਦੀ ਪੇਸ਼ੀ: ਅਦਾਲਤ ਅੱਗੇ ਪੁੱਜੇ ਅਕਾਲੀ ਆਗੂਆਂ ਨੂੰ ਹਿਰਾਸਤ ’ਚ ਲਿਆ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 26 ਜੂਨ
ਮੁਹਾਲੀ ਦੀ ਅਦਾਲਤ ’ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਮੌਕੇ ਅੰਮ੍ਰਿਤਸਰ ਅਤੇ ਹੋਰਨਾਂ ਥਾਵਾਂ ਤੋਂ ਪੁੱਜੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅੱਜ ਪੁਲੀਸ ਨੇ ਅਦਾਲਤ ਦੇ ਨੇੜੇ ਨਹੀਂ ਫਟਕਣ ਦਿੱਤਾ। ਅਦਾਲਤ ਦੇ ਦੋਵੇਂ ਦਰਵਾਜ਼ਿਆਂ ਸਾਹਮਣੇ ਜਦੋਂ ਹੀ ਅਕਾਲੀ ਆਗੂ ਅਤੇ ਵਰਕਰ ਆਉਂਦੇ ਤਾਂ ਪੁਲੀਸ ਨਾਲ ਦੀ ਨਾਲ ਉਨ੍ਹਾਂ ਨੂੰ ਹਿਰਾਸਤ ’ਚ ਲੈ ਲੈਂਦੀ।
ਜਾਣਕਾਰੀ ਅਨੁਸਾਰ ਸਵੇਰ ਦਸ ਕੁ ਵਜੇ ਦੇ ਕਰੀਬ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਮੁਹਾਲੀ ਹਲਕੇ ਦੇ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਅਦਾਲਤ ਕੰਪਲੈਕਸ ਨੇੜੇ ਪਹੁੰਚੇ ਅਕਾਲੀ ਵਰਕਰਾਂ ਨੂੰ ਪੁਲੀਸ ਹਿਰਾਸਤ ਵਿੱਚ ਲੈਣ ਮਗਰੋਂ ਬੱਸਾਂ ’ਚ ਲੈ ਗਈ। ਇਸ ਦੌਰਾਨ ਅਕਾਲੀ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਾਰਟੀ ਦੇ ਕੌਮੀ ਬੁਲਾਰੇ ਅਤੇ ਸਕੱਤਰ ਸਮਸ਼ੇਰ ਸਿੰਘ ਪੁਰਖਾਲਵੀ, ਛਿੰਦੀ ਬੱਲੋਮਾਜਰਾ, ਨੰਬਰਦਾਰ ਹਰਵਿੰਦਰ ਸਿੰਘ ਤੇ ਕਰਨਵੀਰ ਸਿੰਘ ਪੂਨੀਆ ਸਮੇਤ ਦਰਜਨ ਤੋਂ ਵੱਧ ਆਗੂਆਂ ਨੂੰ ਪੁਲੀਸ ਜ਼ੀਰਕਪੁਰ ਦੇ ਥਾਣੇ ਲੈ ਗਈ ਤੇ ਉਨ੍ਹਾਂ ਨੂੰ ਬਾਅ ਦੁਪਹਿਰ ਤਿੰਨ ਵਜੇ ਤੋਂ ਬਾਅਦ ਛੱਡਿਆ ਗਿਆ।
ਇਸੇ ਤਰ੍ਹਾਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਰਵਿੰਦਰ ਸਿੰਘ ਖੇੜਾ, ਪਰਮਜੀਤ ਸਿੰਘ ਕਾਹਲੋਂ ਅਤੇ ਮਾਝੇ ਤੋਂ ਆਏ ਪਾਰਟੀ ਆਗੂਆਂ ਨੂੰ ਪੁਲੀਸ ਨੇ ਹਿਰਾਸਤ ’ਚ ਲੈਣ ਮਗਰੋਂ ਅਦਾਲਤ ਤੋਂ ਕੁਝ ਦੂਰੀ ’ਤੇ ਲਿਜਾ ਕੇ ਛੱਡ ਦਿੱਤਾ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪਹਿਲਾਂ ਅੰਬ ਸਾਹਿਬ ਗੁਰਦੁਆਰਾ ਤੇ ਬਾਅਦ ਵਿੱਚ ਅਦਾਲਤ ਵੱਲ ਆਏ ਪਰ ਪੁਲੀਸ ਰੋਕਾਂ ਕਾਰਨ ਵਾਪਸ ਮੁੜ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਐਮਰਜੈਂਸੀ ਦੇ ਪੰਜਾਹ ਸਾਲਾਂ ਬਾਅਦ ਭਗਵੰਤ ਮਾਨ ਸਰਕਾਰ ਨੇ ਮੁੜ ਐਮਰਜੈਂਸੀ ਲਗਾ ਦਿੱਤੀ ਹੈ ਜਿਸ ਦਾ ਅਕਾਲੀ ਦਲ ਡਟਵਾਂ ਮੁਕਾਬਲਾ ਕਰੇਗਾ।
‘ਆਪ’ ਦੀਆਂ ਦਰਜਨ ਦੇ ਕਰੀਬ ਔਰਤਾਂ ਜੋ ਖੁਦ ਨੂੰ ਬਲੌਂਗੀ ਅਤੇ ਬੜਮਾਜਰਾ ਦੀਆਂ ਵਸਨੀਕ ਦੱਸ ਰਹੀਆਂ ਰਹੀਆਂ ਸਨ ’ਤੇ ਪੁਲੀਸ ਮਿਹਰਬਾਨ ਰਹੀ। ਇਹ ਵਰਕਰ ਪਾਰਟੀ ਦੀ ਮਹਿਲਾ ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਦੀ ਅਗਵਾਈ ਹੇਠ ਪਹਿਲਾਂ ਅਦਾਲਤ ਦੇ ਪਿਛਲੇ ਗੇਟ ਅਤੇ ਫ਼ਿਰ ਮੁੱਖ ਦਰਵਾਜ਼ੇ ਨੇੜੇ ਮਜੀਠੀਆ ਵਿਰੁੱਧ ਮੁਜ਼ਾਹਰਾ ਕਰਦੇ ਰਹੇ। ਇਸ ਦੌਰਾਨ ਇਨ੍ਹਾਂ ਔਰਤਾਂ ਨੇ ਆਪਣੇ ਆਪ ਨੂੰ ਨਸ਼ਿਆਂ ਤੋਂ ਪੀੜਤ ਪੁੱਤਰਾਂ ਦੀਆਂ ਮਾਵਾਂ ਦੱਸਿਆ।