ਜੋਗਿੰਦਰ ਸਿੰਘ ਓਬਰਾਏ
ਖੰਨਾ, 2 ਜੁਲਾਈ
ਇਸ ਵਾਰ ਖੰਨਾ ਇਲਾਕੇ ਵਿਚ ਮੱਕੀ ਦੀ ਬਹੁਤ ਬਿਜਾਈ ਹੋਈ ਹੈ ਪਰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿੱਚ ਫੜ੍ਹਾਂ ਦੀ ਘਾਟ ਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਮੱਕੀ ਦੀ ਫ਼ਸਲ ਕਾਫ਼ੀ ਖਰਾਬ ਹੋ ਰਹੀ ਹੈ। ਮੰਡੀ ਵਿੱਚ ਸੁੱਕੀ ਮੱਕੀ ਦਾ ਭਾਅ ਕਰੀਬ 2 ਹਜ਼ਾਰ ਪ੍ਰਤੀ ਕੁਇੰਟਲ ਲੱਗ ਰਿਹਾ ਹੈ ਜਦੋਂਕਿ ਵਾਪਰੀ ਵੱਲੋਂ ਬਰਸਾਤ ਕਾਰਨ ਕੁਝ ਕੁ ਗਿੱਲੀ ਹੋਈ ਮੱਕੀ ਦਾ ਭਾਅ ਕਰੀਬ 1200 ਰੁਪਏ ਪ੍ਰਤੀ ਕੁਇੰਟਲ ਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਬੁਰੀ ਤਰ੍ਹਾਂ ਮੀਂਹ ਨਾਲ ਨੁਕਸਾਨੀ ਮੱਕੀ ਦਾ ਭਾਅ 800 ਤੋਂ ਇਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਲੱਗ ਰਿਹਾ ਹੈ। ਇਸ ਮੌਕੇ ਪਿੰਡ ਇਕੋਲਾਹੀ ਦੇ ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਕਰੀਬ 10 ਦਿਨਾਂ ਤੋਂ ਮੰਡੀ ਵਿੱਚ ਮੱਕੀ ਦੀ ਫਸਲ ਲੈ ਕੇ ਬੈਠਾ ਰਿਹਾ ਪਰ ਵਾਰ ਵਾਰ ਮੀਂਹ ਪੈਣ ਕਾਰਨ ਫ਼ਸਲ ਦਾ ਚੰਗਾ ਭਾਅ ਨਹੀਂ ਮਿਲ ਰਿਹਾ ਸੀ ਜਿਸ ਕਾਰਨ ਉਸ ਨੂੰ ਹਾਰ ਕੇ ਮੱਕੀ 1 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵੇਚਣੀ ਪਈ ਜਿਸ ਨਾਲ ਉਸ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ ਹੋਇਆ ਜੇ ਮੰਡੀ ਵਿੱਚ ਪ੍ਰਬੰਧ ਚੰਗੇ ਹੁੰਦੇ ਤਾਂ ਘਾਟੇ ਤੋਂ ਬਚਾਅ ਹੋ ਸਕਦਾ ਸੀ।
ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ ਨੇ ਕਿਹਾ ਕਿ ਬਾਰਿਸ਼ ਕਰਕੇ ਸਮੱਸਿਆ ਆਈ ਹੈ ਪਰ ਉਹਨਾਂ ਵੱਲੋਂ ਵਧੀਆ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਤੱਕ ਕੁੱਲ 271144 ਕੁਇੰਟਲ ਮੱਕੀ ਦੀ ਖਰੀਦ ਹੋ ਚੁੱਕੀ ਹੈ ਜਿਸ ਦਾ ਭਾਅ 1300 ਤੋਂ 2250 ਪ੍ਰਤੀ ਕੁਇੰਟਲ ਲੱਗ ਰਿਹਾ ਹੈ। ਪਿਛਲੇ ਸਾਲ 30 ਜੂਨ ਤੱਕ ਕੁੱਲ 408537 ਕੁਇੰਟਲ ਮੱਕੀ ਦੀ ਖਰੀਦ ਹੋਈ ਸੀ।