DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਲਿਸ਼ ਕਰਨ ਦੇ ਬਹਾਨੇ ਬਿਰਧ ਤੋਂ ਗਹਿਣੇ ਲੁੱਟੇ

ਹਮਲੇ ’ਚ ਅੌਰਤ ਜ਼ਖ਼ਮੀ; ਪੁਲੀਸ ਨੂੰ ਲੁੱਟ ਦੀ ਜਾਣਕਾਰੀ ਦਿੱਤੀ
  • fb
  • twitter
  • whatsapp
  • whatsapp
featured-img featured-img
ਹਮਲੇ ਵਿੱਚ ਜ਼ਖ਼ਮੀ ਬਿਰਧ ਔਰਤ।
Advertisement

ਪੰਕਜ ਕੁਮਾਰ

ਇੱਥੋਂ ਦੀ ਸੁੰਦਰ ਨਗਰੀ ਵਿੱਚ ਅੱਜ ਸਵੇਰੇ ਇੱਕ ਵਿਅਕਤੀ ਬਜ਼ੁਰਗ ਜੋੜੇ ਦੇ ਘਰ ਮਾਲਿਸ਼ ਕਰਨ ਬਹਾਨੇ ਦਾਖ਼ਲ ਹੋਇਆ। ਔਰਤ ’ਤੇ ਹਮਲਾ ਕਰ ਕੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਿਆ। ਪੀੜਤ ਪਰਿਵਾਰ ਨੇ ਇਸ ਦੀ ਸੂਚਨਾ ਨਗਰ ਥਾਣਾ-1 ਦੀ ਪੁਲੀਸ ਨੂੰ ਦਿੱਤੀ ਹੈ। ਥਾਣਾ ਮੁਖੀ ਪਰਮਜੀਤ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਹਨ। ਜਾਣਕਾਰੀ ਅਨੁਸਾਰ ਸੁੰਦਰ ਨਗਰੀ ਗਲੀ ਨੰਬਰ 11 ਵਿੱਚ ਰਹਿਣ ਵਾਲੇ ਵਿਨੋਦ ਸਚਦੇਵਾ (72) ਬਿਮਾਰ ਹਨ ਅਤੇ ਚੱਲਣ-ਫਿਰਨ ਤੋਂ ਅਸਮਰੱਥ ਹਨ। ਉਹ ਤੇ ਉਨ੍ਹਾਂ ਦੀ ਪਤਨੀ ਕੈਲਾਸ਼ ਦੋਵੇਂ ਇਸ ਘਰ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਪੁੱਤਰ ਪਠਾਨਕੋਟ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਅੱਜ ਸਵੇਰੇ ਇੱਕ ਵਿਅਕਤੀ ਆਇਆ ਅਤੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਮਸ਼ਹੂਰ ਬਾਬੇ ਦਾ ਨਾਮ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਸੇਵਕਾਂ ਨੇ ਉਨ੍ਹਾਂ ਨੂੰ ਵਿਨੋਦ ਸਚਦੇਵਾ ਦੀ ਮਾਲਿਸ਼ ਕਰਨ ਲਈ ਭੇਜਿਆ ਹੈ ਜਿਸ ਨਾਲ ਉਹ ਠੀਕ ਹੋ ਜਾਣਗੇ। ਜਦੋਂ ਔਰਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਵਿਅਕਤੀ ਘਰ ਆਇਆ ਅਤੇ ਵਿਨੋਦ ਦੀ ਮਾਲਿਸ਼ ਕਰਨ ਲੱਗਾ। ਕੈਲਾਸ਼ ਰਾਣੀ ਨੂੰ ਸੋਨੇ ਦੀ ਚੀਜ਼ ਪਾ ਕੇ ਪਾਣੀ ਗਰਮ ਕਰਨ ਲਈ ਕਿਹਾ। ਇਹ ਕਹਿ ਕੇ ਕਿ ਜੇ ਉਹ ਸੋਨੇ ਦਾ ਪਾਣੀ ਪੀ ਲਵੇ ਤਾਂ ਉਹ ਜਲਦੀ ਠੀਕ ਹੋ ਜਾਣਗੇ। ਜਦੋਂ ਉਹ ਰਸੋਈ ਵਿੱਚ ਪਾਣੀ ਗਰਮ ਕਰ ਰਹੀ ਸੀ ਤਾਂ ਅਣਪਛਾਤਾ ਵਿਅਕਤੀ ਰਸੋਈ ਵਿੱਚ ਗਿਆ ਅਤੇ ਔਰਤ ਨੂੰ ਕੋਈ ਨਸ਼ੀਲੀ ਚੀਜ਼ ਸੁੰਘਾ ਕੇ ਬੇਹੋਸ਼ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਉਸ ਵਿਅਕਤੀ ਨੇ ਉਸ ਦੇ ਸਿਰ ’ਤੇ ਭਾਰੀ ਚੀਜ਼ ਨਾਲ ਵਾਰ ਕੀਤਾ ਤੇ ਉਸ ਦਾ ਸੋਨੇ ਦਾ ਬਰੇਸਲੇਟ, ਟੌਪਸ ਤੇ ਵਾਲੀਆਂ ਕੱਢ ਲਈਆਂ ਤੇ ਭੱਜ ਗਿਆ। ਔਰਤ ਨੇ ਕਿਸੇ ਤਰ੍ਹਾਂ ਆਪਣੇ ਗੁਆਂਢੀਆਂ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਵਿਨੋਦ ਦਾ ਛੋਟਾ ਭਰਾ ਹਰੀਸ਼ ਮੌਕੇ ’ਤੇ ਪਹੁੰਚਿਆ ਤੇ ਪੁਲੀਸ ਨੂੰ ਲੁੱਟ ਦੀ ਜਾਣਕਾਰੀ ਦਿੱਤੀ।

Advertisement

Advertisement
×