DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੇਈਈ ਐਡਵਾਂਸਡ: ਮੈਰੀਟੋਰੀਅਸ ਸਕੂਲਾਂ ਨੇ ਬਣਾਈ ਨਿਵੇਕਲੀ ਪਛਾਣ

ਮੈਰੀਟੋਰੀਅਸ ਦੇ 19 ਅਤੇ ‘ਸਕੂਲ ਆਫ਼ ਐਮੀਨੈਂਸ’ ਦੇ ਅੱਠ ਬੱਚੇ ਸਫ਼ਲ; ਪੰਜ ਲੜਕੀਆਂ ਵੀ ਸ਼ਾਮਲ
  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 3 ਜੂਨ

Advertisement

ਜੇਈਈ ਐਡਵਾਂਸਡ ’ਚ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀ ਧਰੂ ਤਾਰੇ ਵਾਂਗੂ ਚਮਕੇ ਹਨ। ਇਸ ਪ੍ਰੀਖਿਆ ਵਿੱਚ ਸਰਕਾਰੀ ਸਕੂਲਾਂ ਦੇ 40 ਵਿਦਿਆਰਥੀ ਸਫ਼ਲ ਹੋਏ ਹਨ ਜਿਨ੍ਹਾਂ ਵਿੱਚੋਂ 19 ਮੈਰੀਟੋਰੀਅਸ ਸਕੂਲਾਂ ਦੇ, ਅੱਠ ‘ਸਕੂਲ ਆਫ਼ ਐਮੀਨੈਂਸ’ ਦੇ ਹਨ। ਬਾਕੀ ਵਿਦਿਆਰਥੀ ਸਧਾਰਨ ਸਰਕਾਰੀ ਸਕੂਲਾਂ ਵਿੱਚੋਂ ਹਨ। ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹਦੇ ਗ਼ਰੀਬ ਘਰਾਂ ਦੇ ਧੀਆਂ ਪੁੱਤਾਂ ਨੇ ਆਪਣੀ ਕਾਬਲੀਅਤ ਦਿਖਾਈ ਹੈ। ਸਰਕਾਰੀ ਸਕੂਲਾਂ ਦੇ 40 ਵਿਦਿਆਰਥੀ ਵਿੱਚੋਂ 19 ਇਕੱਲੇ ਮੈਰੀਟੋਰੀਅਸ ਸਕੂਲਾਂ ਦੇ ਹਨ ਜੋਕਿ 47.5 ਫ਼ੀਸਦੀ ਬਣਦੇ ਹਨ। ਪੰਜਾਬ ਭਰ ਵਿੱਚ ਕਰੀਬ ਦਸ ਮੈਰੀਟੋਰੀਅਸ ਸਕੂਲ ਹਨ ਜਿਨ੍ਹਾਂ ਦੇ ਬੱਚਿਆਂ ਦੇ ਨਤੀਜੇ ਬਾਕੀ ਸਕੂਲਾਂ ਨੂੰ ਮਾਤ ਪਾ ਰਹੇ ਹਨ। ਜੇਈਈ ਐਡਵਾਂਸਡ ਵਿੱਚ ਮੈਰੀਟੋਰੀਅਸ ਸਕੂਲਾਂ ਦੇ ਸਫ਼ਲ ਵਿਦਿਆਰਥੀਆਂ ਵਿੱਚ ਪੰਜ ਲੜਕੀਆਂ ਹਨ।

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਏਨਾਗਾ ਦਾ ਅਰਜੁਨਵੀਰ ਸਿੰਘ ਜੇਈਈ ਐਡਵਾਂਸਡ ਵਿੱਚ ਸਫ਼ਲ ਹੋਇਆ ਹੈ। ਉਸ ਨੂੰ ਸਕੂਲੀ ਪੜ੍ਹਾਈ ਦੌਰਾਨ ਖੇਤਾਂ ਵਿੱਚ ਦਿਹਾੜੀ ਕਰਨੀ ਪਈ। ਉਸ ਦਾ ਪਿਤਾ ਕੁਲਵੰਤ ਸਿੰਘ ਮਜ਼ਦੂਰ ਹੈ। ਉਹ ਦੱਸਦਾ ਹੈ ਕਿ ਜਦੋਂ ਸਕੂਲ ਵਿੱਚ ਛੁੱਟੀਆਂ ਹੁੰਦੀਆਂ ਸਨ ਤਾਂ ਉਹ ਆਪਣੇ ਪਿਤਾ ਨਾਲ ਖੇਤਾਂ ਵਿੱਚ ਮਜ਼ਦੂਰੀ ਕਰਨ ਜਾਂਦਾ ਹੁੰਦਾ ਸੀ। ਅਰਜੁਨਵੀਰ ਸਿੰਘ ਨੇ ਮੈਟ੍ਰਿਕ ਵਿੱਚੋਂ 94 ਫ਼ੀਸਦੀ ਅਤੇ ਬਾਰ੍ਹਵੀਂ ਵਿੱਚੋਂ 96 ਫ਼ੀਸਦੀ ਅੰਕ ਹਾਸਲ ਕੀਤੇ ਸਨ।

ਬਠਿੰਡਾ ਜ਼ਿਲ੍ਹੇ ਦੇ ਪਿੰਡ ਫੂਲੇਵਾਲਾ ਦੀ ਪ੍ਰਭਜੋਤ ਕੌਰ ਵੀ ਇਸ ਪ੍ਰੀਖਿਆ ਵਿੱਚ ਸਫ਼ਲ ਹੋਈ ਹੈ। ਉਸ ਦੇ ਪਿਤਾ ਟੇਲਰ ਮਾਸਟਰ ਹਨ। ਪ੍ਰਭਜੋਤ ਕੌਰ ਨੇ ਇਸ ਸਫ਼ਲਤਾ ਲਈ ਦਿਨ ਰਾਤ ਮਿਹਨਤ ਕੀਤੀ। ਸੰਗਰੂਰ ਦੇ ਪਿੰਡ ਮਹਿਮਦਪੁਰ ਦਾ ਅਰਸ਼ਦੀਪ ਸਿੰਘ ਵੀ ਦੁਕਾਨਦਾਰ ਦਾ ਪੁੱਤਰ ਹੈ ਜਿਸ ਨੇ ਮੈਰੀਟੋਰੀਅਸ ਸਕੂਲ ਵਿੱਚੋਂ ਸਿੱਖਿਆ ਹਾਸਲ ਕੀਤੀ। ਮੈਰੀਟੋਰੀਅਸ ਸਕੂਲਾਂ ਵਿੱੱਚੋਂ ਬਠਿੰਡਾ ਸਕੂਲ ਸਿਖਰ ’ਤੇ ਰਿਹਾ ਹੈ ਜਿੱਥੋਂ ਦੇ ਛੇ ਬੱਚਿਆਂ ਨੇ ਇਸ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕੀਤੀ, ਜਦੋਂਕਿ ਦੂਜੇ ਨੰਬਰ ’ਤੇ ਮੁਹਾਲੀ ਅਤੇ ਪਟਿਆਲਾ ਦੇ ਚਾਰ-ਚਾਰ ਵਿਦਿਆਰਥੀ ਸਫਲ ਹੋਏ ਹਨ। ਇਸੇ ਤਰ੍ਹਾਂ ਲੁਧਿਆਣਾ, ਸੰਗਰੂਰ, ਫ਼ਿਰੋਜ਼ਪੁਰ, ਜਲੰਧਰ ਅਤੇ ਅੰਮ੍ਰਿਤਸਰ ਦਾ ਇੱਕ-ਇੱਕ ਵਿਦਿਆਰਥੀ ਕਾਮਯਾਬ ਹੋਇਆ ਹੈ। ‘ਆਪ’ ਪੰਜਾਬ ਦੇ ਇੰਚਾਰਜ ਮੁਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 40 ਬੱਚਿਆਂ ਨੇ ਜੇਈਈ ਅਡਵਾਂਸਡ ਪ੍ਰੀਖਿਆ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਹੁਣ ਇਹ ਬੱਚੇ ਆਈਆਈਟੀਜ਼ ਵਿੱਚ ਪੜ੍ਹਾਈ ਕਰਨਗੇ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੈਰੀਟੋਰੀਅਸ ਸਕੂਲ ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ ਚਾਲੂ ਹੋਏ ਸਨ ਅਤੇ ਇਨ੍ਹਾਂ ਸਕੂਲਾਂ ਵਿੱਚ 4600 ਸੀਟਾਂ ਹਨ। ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੀ ਪ੍ਰਧਾਨ ਡਾ.ਟੀਨਾ ਅਤੇ ਜਨਰਲ ਸਕੱਤਰ ਡਾ. ਅਜੇ ਕੁਮਾਰ ਨੇ ਫ਼ਖਰ ਮਹਿਸੂਸ ਕੀਤਾ ਹੈ ਕਿ ਮੈਰੀਟੋਰੀਅਸ ਸਟਾਫ਼ ਦੇ ਅਧਿਆਪਨ ਅਤੇ ਬੱਚਿਆਂ ਦੀ ਮਿਹਨਤ ਸਦਕਾ ਇਹ ਨਤੀਜੇ ਸਾਹਮਣੇ ਆਏ ਹਨ।

ਬੈਂਸ ਵੱਲੋਂ ਜੇਈਈ ਐਡਵਾਂਸਡ ਪਾਸ ਵਿਦਿਆਰਥੀਆਂ ਨੂੰ ਵਧਾਈ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ 40 ਵਿਦਿਆਰਥੀਆਂ ਨੂੰ ਜੁਆਇੰਟ ਐਂਟਰੈਂਸ ਪ੍ਰੀਖਿਆ (ਜੇਈਈ) ਐਡਵਾਂਸਡ ਪਾਸ ਕਰਨ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਸਿੱਖਿਆ ਦੀ ਸ਼ਕਤੀ, ਜ਼ਿੰਦਗੀ ਵਿੱਚ ਕੁੱਝ ਕਰ ਗੁਜ਼ਰਨ ਦੇ ਦ੍ਰਿੜ੍ਹ ਇਰਾਦੇ ਅਤੇ ਸਮਰਪਣ ਦਾ ਠੋਸ ਪ੍ਰਮਾਣ ਹਨ। ਇਨ੍ਹਾਂ ਵਿਦਿਆਰਥੀਆਂ ਨੇ ਹੇਠਲੇ ਪੱਧਰ ਤੋਂ ਉੱਠ ਕੇ ਵੱਡੇ ਮੁਕਾਮ ਹਾਸਲ ਕਰਦਿਆਂ ਸਾਬਤ ਕਰ ਦਿੱਤਾ ਕਿ ਦ੍ਰਿੜ੍ਹਤਾ ਅਤੇ ਸਖ਼ਤ ਮਿਹਨਤ ਨਾਲ ਜ਼ਿੰਦਗੀ ਵਿੱਚ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਦਿਆਰਥੀਆਂ ਦੀ ਸਫ਼ਲਤਾ ਬਿਨਾਂ ਸ਼ੱਕ ਦੂਜੇ ਵਿਦਿਆਰਥੀਆਂ ਨੂੰ ਆਪਣੀ ਪੂਰੀ ਸਮਰੱਥਾ ਨਾਲ ਆਪਣੀ ਮੰਜ਼ਿਲ ਹਾਸਲ ਕਰਨ ਲਈ ਯਤਨਸ਼ੀਲ ਰਹਿਣ ਵਾਸਤੇ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਾਡੇ ਵਿਦਿਆਰਥੀਆਂ ਲਈ ਸਿਰਫ਼ ਇੱਕ ਮੀਲ ਪੱਥਰ ਨਹੀਂ ਹੈ, ਸਗੋਂ ਜ਼ਿੰਦਗੀ ਨੂੰ ਬਦਲਣ ਲਈ ਸਿੱਖਿਆ ਦੀ ਸ਼ਕਤੀ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਲਗਾਤਾਰ ਯਤਨਸ਼ੀਲ ਕਰੇਗੀ ਕਿ ਪੰਜਾਬ ਦੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਅਤੇ ਸਫਲ ਹੋਣ ਦੇ ਬਰਾਬਰ ਮੌਕੇ ਮਿਲਣ।

Advertisement
×