ਤਲ ਅਵੀਵ, 16 ਜੂਨ
ਇਰਾਨ ਨੇ ਇਜ਼ਰਾਈਲ ’ਤੇ ਸੋਮਵਾਰ ਤੜਕੇ ਮਿਜ਼ਾਈਲ ਹਮਲੇ ਕੀਤੇ, ਜਿਸ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਉਧਰ ਇਜ਼ਰਾਈਲ ਨੇ ਟਕਰਾਅ ਦੇ ਚੌਥੇ ਦਿਨ ਤਹਿਰਾਨ ਦੇ ਆਸਮਾਨ ’ਤੇ ਕਬਜ਼ੇ ਦਾ ਦਾਅਵਾ ਕਰਦਿਆਂ ਕਿਹਾ ਕਿ ਉਸ ਨੇ ਇਰਾਨ ਦੀ ਰਾਜਧਾਨੀ ’ਤੇ ‘ਹਵਾਈ ਸਰਵਉੱਚਤਾ’ ਹਾਸਲ ਕਰ ਲਈ ਹੈ। ਇਜ਼ਰਾਈਲ ਮੁਤਾਬਕ ਹੁਣ ਉਸ ਦੇ ਲੜਾਕੂ ਜੈੱਟ ਬਿਨਾਂ ਕਿਸੇ ਵੱਡੇ ਖ਼ਤਰੇ ਦਾ ਸਾਹਮਣਾ ਕੀਤੇ ਤਹਿਰਾਨ ਉਪਰ ਉਡਾਣਾਂ ਭਰ ਸਕਦੇ ਹਨ। ਇਜ਼ਰਾਇਲੀ ਫੌਜ ਨੇ ਇਰਾਨੀ ਹਵਾਈ ਰੱਖਿਆ ਅਤੇ ਮਿਜ਼ਾਈਲ ਪ੍ਰਣਾਲੀਆਂ ’ਤੇ ਕਈ ਦਿਨਾਂ ਤੱਕ ਹਮਲੇ ਕੀਤੇ ਜਾਣ ਮਗਰੋਂ ਉਸ ਦੇ ਜਹਾਜ਼ ਹੁਣ ਪੱਛਮੀ ਇਰਾਨ ਤੋਂ ਤਹਿਰਾਨ ਤੱਕ ਦੇ ਆਸਮਾਨ ’ਚ ਆਸਾਨੀ ਨਾਲ ਉਡਾਣ ਭਰ ਸਕਦੇ ਹਨ ਅਤੇ ਉਸ ਨੇ ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੇ 120 ਤੋਂ ਵੱਧ ਮਿਜ਼ਾਈਲ ਲਾਂਚਰਾਂ ਨੂੰ ਤਬਾਹ ਕਰ ਦਿੱਤਾ ਹੈ। ਇਜ਼ਰਾਇਲੀ ਫੌਜ ਦੇ ਤਰਜਮਾਨ ਬ੍ਰਿਗੇਡੀਅਰ ਜਨਰਲ ਐਫੀ ਡੇਫ੍ਰਿਨ ਨੇ ਕਿਹਾ, ‘‘ਹੁਣ ਅਸੀਂ ਆਖ ਸਕਦੇ ਹਾਂ ਕਿ ਅਸੀਂ ਤਹਿਰਾਨ ਹਵਾਈ ਖੇਤਰ ’ਤੇ ਮੁਕੰਮਲ ਸਰਵਉੱਚਤਾ ਹਾਸਲ ਕਰ ਲਈ ਹੈ।’’ ਇਸ ਦੌਰਾਨ ਇਰਾਨ ਨੇ ਇਜ਼ਰਾਈਲ ’ਤੇ ਹਮਲੇ ਜਾਰੀ ਰੱਖਣ ਦਾ ਅਹਿਦ ਲੈਂਦਿਆਂ ਕਿਹਾ ਕਿ ਉਸ ਨੇ ਤਕਰੀਬਨ 100 ਮਿਜ਼ਾਈਲਾਂ ਦਾਗ਼ੀਆਂ ਹਨ। ਅਮਰੀਕੀ ਸਫ਼ੀਰ ਮਾਈਕ ਹੁਕਾਬੀ ਨੇ ‘ਐੱਕਸ’ ’ਤੇ ਕਿਹਾ ਕਿ ਇਕ ਮਿਜ਼ਾਈਲ ਤਲ ਅਵੀਵ ’ਚ ਅਮਰੀਕੀ ਕੌਂਸੁਲੇਟ ਨੇੜੇ ਆ ਕੇ ਡਿੱਗੀ, ਜਿਸ ਨਾਲ ਮਾਮੂਲੀ ਨੁਕਸਾਨ ਹੋਇਆ ਹੈ। ਅਮਰੀਕਾ ਦੇ ਕਿਸੇ ਵੀ ਮੁਲਾਜ਼ਮ ਨੂੰ ਕੋਈ ਸੱਟ ਨਹੀਂ ਲੱਗੀ ਹੈ। ਇਜ਼ਰਾਈਲ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਹੁਣ ਤੱਕ ਇਰਾਨ ਨੇ 370 ਤੋਂ ਜ਼ਿਆਦਾ ਮਿਜ਼ਾਈਲਾਂ ਅਤੇ ਸੈਂਕੜੇ ਡਰੋਨ ਦਾਗ਼ੇ ਹਨ ਜਿਸ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 500 ਤੋਂ ਵੱਧ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਇਜ਼ਰਾਇਲੀ ਫੌਜ ਨੇ ਕਿਹਾ ਕਿ ਹਮਲਿਆਂ ਦੇ ਜਵਾਬ ’ਚ ਉਸ ਦੇ ਲੜਾਕੂ ਜੈੱਟਾਂ ਨੇ ਤਹਿਰਾਨ ’ਚ ‘ਕੁਦਸ ਫੋਰਸ’ ਨਾਲ ਜੁੜੇ 10 ਕਮਾਂਡ ਸੈਂਟਰਾਂ ’ਤੇ ਹਮਲਾ ਕੀਤਾ ਹੈ। ਦੋਵੇਂ ਮੁਲਕਾਂ ਵਿਚਾਲੇ ਟਕਰਾਅ ਦੇ ਚੌਥੇ ਦਿਨ ਤਲ ਅਵੀਵ ’ਚ ਸੋਮਵਾਰ ਸਵੇਰੇ ਤੇਜ਼ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਜੋ ਸ਼ਾਇਦ ਇਜ਼ਰਾਈਲ ਦੀ ਰੱਖਿਆ ਪ੍ਰਣਾਲੀ ਵੱਲੋਂ ਇਰਾਨ ਦੇ ਮਿਜ਼ਾਈਲ ਹਮਲਿਆਂ ਨੂੰ ਨਾਕਾਮ ਕਰਨ ਦੀਆਂ ਸਨ। ਮੱਧ ਇਜ਼ਰਾਈਲ ਦੇ ਸ਼ਹਿਰ ਪੇਟਾਹ ਟਿਕਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਰਾਨੀ ਮਿਜ਼ਾਈਲਾਂ ਨੇ ਇਕ ਰਿਹਾਇਸ਼ੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਜਿਸ ਨਾਲ ਦੀਵਾਰਾਂ ਸੜ ਗਈਆਂ, ਬਾਰੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕਈ ਅਪਾਰਟਮੈਂਟਾਂ ਨੂੰ ਭਾਰੀ ਨੁਕਸਾਨ ਹੋਇਆ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਐਤਵਾਰ ਨੂੰ ਕਿਹਾ ਸੀ ਕਿ ਜੇ ਇਰਾਨ ’ਤੇ ਇਜ਼ਰਾਈਲ ਦੇ ਹਮਲੇ ਰੁਕਦੇ ਹਨ ਤਾਂ ਉਹ ਵੀ ਜਵਾਬੀ ਹਮਲੇ ਰੋਕ ਦੇਣਗੇ। -ਏਪੀ
ਮੋਸਾਦ ਲਈ ਜਾਸੂਸੀ ਦੇ ਦੋਸ਼ ਹੇਠ ਡਾਕਟਰ ਨੂੰ ਫਾਂਸੀ
ਇਜ਼ਰਾਈਲ ਦੇ ਸ਼ੁਰੂਆਤੀ ਹਮਲਿਆਂ ਤੋਂ ਪਹਿਲਾਂ ਉਸ ਦੀ ਜਾਸੂਸੀ ਏਜੰਸੀ ਮੋਸਾਦ ਨੇ ਇਰਾਨ ਅੰਦਰ ਡਰੋਨ ਅਤੇ ਹਥਿਆਰ ਤਾਇਨਾਤ ਕੀਤੇ ਸਨ ਅਤੇ ਉਦੋਂ ਤੋਂ ਇਰਾਨ ਨੇ ਜਾਸੂਸੀ ਦੇ ਸ਼ੱਕ ਹੇਠ ਕਈ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਇਰਾਨੀ ਟੀਵੀ ਨੇ ਦੱਸਿਆ ਕਿ ਸੋਮਵਾਰ ਨੂੰ ਇਸਮਾਈਲ ਫੇਕਰੀ ਨਾਮ ਦੇ ਇਕ ਡਾਕਟਰ ਨੂੰ ਫਾਂਸੀ ਦੇ ਦਿੱਤੀ ਗਈ ਹੈ ਜੋ ਮੋਸਾਦ ਨੂੰ ਸੰਵੇਦਨਸ਼ੀਲ ਅਤੇ ਹੋਰ ਖ਼ੁਫ਼ੀਆ ਜਾਣਕਾਰੀ ਦੇਣ ਦੇ ਦੋਸ਼ ਹੇਠ 2023 ਤੋਂ ਜੇਲ੍ਹ ਅੰਦਰ ਸੀ। -ਏਪੀ
ਇਰਾਨ ਵਿੱਚ ਵਿਦਿਆਰਥੀਆਂ ਦੇ ਸੰਪਰਕ ’ਚ ਹੈ ਭਾਰਤੀ ਸਫ਼ਾਰਤਖਾਨਾ
ਨਵੀਂ ਦਿੱਲੀ: ਇਰਾਨ-ਇਜ਼ਰਾਈਲ ਟਕਰਾਅ ਦਰਮਿਆਨ ਕੇਂਦਰ ਨੇ ਸੋਮਵਾਰ ਨੂੰ ਕਿਹਾ ਕਿ ਤਹਿਰਾਨ ਸਥਿਤ ਭਾਰਤੀ ਸਫ਼ਾਰਤਖਾਨਾ ਸੁਰੱਖਿਆ ਹਾਲਾਤ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਇਰਾਨ ’ਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਸੰਪਰਕ ’ਚ ਹੈ। ਕੁਝ ਮਾਮਲਿਆਂ ’ਚ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਵੀ ਪਹੁੰਚਾਇਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਹੋਰ ਬਦਲਾਂ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਬਾਰੇ ਬਾਅਦ ’ਚ ਜਾਣਕਾਰੀ ਦਿੱਤੀ ਜਾਵੇਗੀ। ਬਿਆਨ ’ਚ ਕਿਹਾ ਗਿਆ ਹੈ ਕਿ ਸਫ਼ਾਰਤਖਾਨੇ ਨੇ ਭਲਾਈ ਅਤੇ ਸੁਰੱਖਿਆ ਬਾਬਤ ਫਿਰਕੇ ਦੇ ਆਗੂਆਂ ਨਾਲ ਵੀ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ। -ਪੀਟੀਆਈ
ਇਰਾਨ ਦੇ ਪਰਮਾਣੂ ਕੇਂਦਰ ’ਚ ਰੇਡੀਏਸ਼ਨ ਅਤੇ ਰਸਾਇਣਕ ਰਿਸਾਅ ਦਾ ਖ਼ਤਰਾ
ਵੀਏਨਾ: ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੇ ਮੁਖੀ ਰਾਫ਼ੇਲ ਮਾਰੀਆਨੋ ਗਰੌਸੀ ਨੇ ਕਿਹਾ ਹੈ ਕਿ ਇਜ਼ਰਾਇਲੀ ਹਮਲਿਆਂ ਮਗਰੋਂ ਨਾਤਾਂਜ਼ ’ਚ ਇਰਾਨ ਦੇ ਮੁੱਖ ਪਰਮਾਣੂ ਕੇਂਦਰ ਦੇ ਅੰਦਰ ਰੇਡੀਓਲੌਜੀਕਲ ਅਤੇ ਰਸਾਇਣਕ ਦੋਵੇਂ ਤਰ੍ਹਾਂ ਦੇ ਰਿਸਾਅ ਦਾ ਖ਼ਤਰਾ ਹੈ। ਉਂਜ ਕੰਪਲੈਕਸ ਦੇ ਬਾਹਰ ਰੇਡੀਏਸ਼ਨ ਦਾ ਪੱਧਰ ਹਾਲੇ ਸਾਧਾਰਨ ਹੈ। ਗਰੌਸੀ ਨੇ ਕਿਹਾ ਕਿ ਯੂਰੇਨੀਅਮ ਦੇ ਸਾਹ ਰਾਹੀਂ ਮਨੁੱਖੀ ਸ਼ਰੀਰ ’ਚ ਦਾਖ਼ਲ ਹੋਣ ਨਾਲ ਗੰਭੀਰ ਹਾਲਾਤ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੇ ਅੰਦਰ ਉਪਕਰਨਾਂ ਦੀ ਵਰਤੋਂ ਕਰਕੇ ਇਸ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਆਈਏਈਏ ਮੁਖੀ ਨੇ ਕਿਹਾ ਕਿ ਨਾਤਾਂਜ਼ ਕੇਂਦਰ ਦੇ ਬਾਹਰ ਰੇਡੀਏਸ਼ਨ ਦੇ ਪੱਧਰ ’ਚ ਕੋਈ ਬਦਲਾਅ ਨਜ਼ਰ ਨਹੀਂ ਆਇਆ ਹੈ ਅਤੇ ਇਹ ਆਮ ਵਾਂਗ ਹੈ ਜੋ ਦਰਸਾਉਂਦਾ ਹੈ ਕਿ ਇਸ ਘਟਨਾ ਨਾਲ ਆਬਾਦੀ ਜਾਂ ਵਾਤਾਵਰਨ ’ਤੇ ਰੇਡੀਓਲੌਜੀਕਲ ਦਾ ਕੋਈ ਬਾਹਰੀ ਅਸਰ ਨਹੀਂ ਪਿਆ ਹੈ। ਇਜ਼ਰਾਈਲ ਵੱਲੋਂ ਇਰਾਨ ਦੇ ਪਰਮਾਣੂ ਕੇਂਦਰਾਂ ’ਤੇ ਕੀਤੇ ਗਏ ਹਮਲਿਆਂ ਬਾਰੇ ਰੂਸ ਦੀ ਅਪੀਲ ’ਤੇ ਵਿਚਾਰ ਕਰਨ ਲਈ ਵੀਏਨਾ ’ਚ ਆਈਏਈਏ ਦੇ ਇਜਲਾਸ ਨੂੰ ਸੰਬੋਧਨ ਕਰਦਿਆਂ ਗਰੌਸੀ ਨੇ ਕਿਹਾ ਕਿ ਸ਼ਨਿਚਰਵਾਰ ਤੋਂ ਬਾਅਦ ਨਾਤਾਂਜ਼ ਅਤੇ ਇਸਫਾਹਾਨ ਪਰਮਾਣੂ ਖੋਜ ਕੇਂਦਰਾਂ ’ਤੇ ਹੋਰ ਕੋਈ ਵਾਧੂ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਜਾਂਚਕਾਰ ਇਰਾਨ ’ਚ ਮੌਜੂਦ ਰਹਿਣਗੇ ਅਤੇ ਜਿਵੇਂ ਹੀ ਸੁਰੱਖਿਆ ਦੇ ਹਾਲਾਤ ਬਣਨਗੇ, ਉਹ ਪਰਮਾਣੂ ਕੇਂਦਰਾਂ ਦੀ ਜਾਂਚ ਕਰਨਗੇ। ਗਰੌਸੀ ਨੇ ਕਿਹਾ ਕਿ ਬੁਸ਼ੈਹਰ ਪਰਮਾਣੂ ਪਾਵਰ ਪਲਾਂਟ ਅਤੇ ਤਹਿਰਾਨ ਰਿਸਰਚ ਰਿਐਕਟਰ ਨੂੰ ਹਾਲੀਆ ਹਮਲਿਆਂ ’ਚ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। -ਏਪੀ