ਭਾਰਤ ਆਪਣੀ ਤਾਕਤ ਦੇ ਦਮ ’ਤੇ ਗੱਲਬਾਤ ਕਰਦੈ: ਗੋਇਲ
ਬੰਗਲੂਰੂ, 5 ਜੁਲਾਈ
ਕਾਂਗਰਸ ਵੱਲੋਂ ਅਮਰੀਕਾ ਨਾਲ ਪ੍ਰਸਤਾਵਿਤ ਵਪਾਰ ਸਮਝੌਤੇ ਬਾਰੇ ਭਾਜਪਾ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ਨੂੰ ਘੇਰਨ ਮਗਰੋਂ ਕੇਂਦਰੀ ਵਣਜ ਮੰਤਰੀ ਪਿਯੂਸ਼ ਗੋਇਲ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਭਾਰਤ ਸਮਾਂ-ਸੀਮਾ ਤਹਿਤ ਨਹੀਂ ਸਗੋਂ ਆਪਣੀ ਤਾਕਤ ਦੇ ਦਮ ’ਤੇ ਗੱਲਬਾਤ ਕਰਦਾ ਹੈ। ਉਨ੍ਹਾਂ ਕਾਂਗਰਸ ’ਤੇ ਯੂਪੀਏ ਸਰਕਾਰ ਦੌਰਾਨ ਅਜਿਹੇ ਸਮਝੌਤਿਆਂ ’ਤੇ ਗੱਲਬਾਤ ਅਤੇ ਦਸਤਖ਼ਤ ਕਰਨ ਦਾ ਦੋਸ਼ ਲਾਇਆ ਜੋ ਕੌਮੀ ਹਿੱਤ ’ਚ ਨਹੀਂ ਸਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਇਲ ਨੇ ਦੁਹਰਾਇਆ, ‘‘ਭਾਰਤ ਸਮਾਂ-ਸੀਮਾ ਤਹਿਤ ਗੱਲਬਾਤ ਨਹੀਂ ਕਰਦਾ ਹੈ। ਅਸੀਂ ਕੌਮੀ ਹਿੱਤ ਨੂੰ ਧਿਆਨ ’ਚ ਰਖਦਿਆਂ ਗੱਲਬਾਤ ਕਰਦੇ ਹਾਂ ਅਤੇ ਦੁਨੀਆ ਭਰ ’ਚ ਸਾਡੀਆਂ ਸਾਰੀਆਂ ਮੀਟਿੰਗਾਂ ’ਚ ਕੌਮੀ ਹਿੱਤ ਸਭ ਤੋਂ ਉਪਰ ਹੁੰਦੇ ਹਨ।’’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ ’ਚ ਆਉਣ ਮਗਰੋਂ ਮੌਰੀਸ਼ਸ, ਸੰਯੁਕਤ ਅਰਬ ਅਮੀਰਾਤ, ਆਸਟਰੇਲੀਆ ਅਤੇ ਚਾਰ ਮੁਲਕਾਂ ਦੇ ਗਰੁੱਪ ਈਐੱਫਟੀਏ ਨਾਲ ਮੁਕਤ ਵਪਾਰ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ ਅਤੇ ਹੁਣ ਪਿਛਲੇ ਮਹੀਨੇ ਬ੍ਰਿਟੇਨ ਨਾਲ ਵੀ ਸਮਝੌਤਾ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਭਾਰਤ 27 ਮੁਲਕਾਂ ਦੇ ਯੂਰਪੀ ਯੂਨੀਅਨ, ਅਮਰੀਕਾ, ਓਮਾਨ, ਪੇਰੂ ਅਤੇ ਚਿਲੀ ਸਮੇਤ ਹੋਰ ਵਿਕਸਤ ਮੁਲਕਾਂ ਨਾਲ ਜੁੜਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ’ਚ ਕਿਸੇ ਨਾਲ ਵੀ ਮੁਕਾਬਲਾ ਕਰ ਸਕਦਾ ਹੈ ਅਤੇ ਮੁਲਕ ਕਾਂਗਰਸ ਤੇ ਯੂਪੀਏ ਸਰਕਾਰ ਦੇ ਸਮੇਂ ਵਾਂਗ ਕਮਜ਼ੋਰ ਨਹੀਂ ਹੈ। -ਪੀਟੀਆਈ
ਮੋਦੀ ਵਪਾਰ ਸਮਝੌਤੇ ਵਿੱਚ ਟਰੰਪ ਅੱਗੇ ਝੁਕਣਗੇ: ਰਾਹੁਲ
ਨਵੀਂ ਦਿੱਲੀ, 5 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਿਹਾ ਹੈ ਕਿ ਉਹ ਟੈਕਸਾਂ ਦੀ ਸਮਾਂ-ਸੀਮਾ ਦੇ ਮੁੱਦੇ ’ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅੱਗੇ ਆਸਾਨੀ ਨਾਲ ਝੁਕ ਜਾਣਗੇ। ਵਣਜ ਅਤੇ ਸਨਅਤਾਂ ਬਾਰੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਵੱਲੋਂ ਸ਼ੁੱਕਰਵਾਰ ਨੂੰ ਦਿੱਤੇ ਗਏ ਬਿਆਨ ਮਗਰੋਂ ਕਾਂਗਰਸ ਆਗੂ ਨੇ ਇਹ ਟਿੱਪਣੀ ਕੀਤੀ ਹੈ। ਪਿਯੂਸ਼ ਗੋਇਲ ਨੇ ਕਿਹਾ ਸੀ ਕਿ ਭਾਰਤ ਸਮਾਂ-ਸੀਮਾ ਦੇ ਆਧਾਰ ’ਤੇ ਕੋਈ ਵਪਾਰ ਸਮਝੌਤਾ ਨਹੀਂ ਕਰਦਾ ਹੈ ਅਤੇ ਅਮਰੀਕਾ ਨਾਲ ਤਜਵੀਜ਼ਤ ਵਪਾਰ ਸਮਝੌਤੇ ਨੂੰ ਤਾਂ ਹੀ ਸਵੀਕਾਰ ਕੀਤਾ ਜਾਵੇਗਾ ਜਦੋਂ ਇਹ ਪੂਰੀ ਤਰ੍ਹਾਂ ਅੰਤਿਮ ਰੂਪ ਲੈ ਲਵੇਗਾ ਅਤੇ ਰਾਸ਼ਟਰ ਹਿੱਤ ’ਚ ਹੋਵੇਗਾ। ਰਾਹੁਲ ਗਾਂਧੀ ਨੇ ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ‘ਐਕਸ’ ’ਤੇ ਪੋਸਟ ਕੀਤਾ, ‘‘ਪਿਯੂਸ਼ ਗੋਇਲ ਜਿੰਨੀ ਮਰਜ਼ੀ ਹਿੱਕ ਠੋਕ ਸਕਦੇ ਹਨ ਪਰ ਮੇਰਾ ਦਾਅਵਾ ਹੈ ਕਿ ਟਰੰਪ ਦੀ ਟੈਕਸ ਸਬੰਧੀ ਸਮਾਂ-ਸੀਮਾ ਅੱਗੇ ਮੋਦੀ ਆਸਾਨੀ ਨਾਲ ਝੁਕ ਜਾਣਗੇ।’’
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਰੋਕਣ ਲਈ ਵਾਰ-ਵਾਰ ਕੀਤੇ ਜਾ ਰਹੇ ਦਾਅਵਿਆਂ ਦੇ ਮੁੱਦੇ ’ਤੇ ਖਾਮੋਸ਼ ਰਹਿਣ ਲਈ ਵੀ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਭਾਰਤ ਤੋਂ ਬਰਾਮਦ ਹੋਣ ਵਾਲੀਆਂ ਵਸਤਾਂ ’ਤੇ 2 ਅਪਰੈਲ ਨੂੰ 26 ਫ਼ੀਸਦ ਵਾਧੂ ਜਵਾਬੀ ਟੈਕਸ ਲਗਾ ਦਿੱਤਾ ਸੀ। ਉਂਝ ਕੁਝ ਦਿਨਾਂ ਬਾਅਦ ਹੀ ਉਨ੍ਹਾਂ 90 ਦਿਨਾਂ ਯਾਨੀ 9 ਜੁਲਾਈ ਤੱਕ ਇਹ ਫ਼ੈਸਲਾ ਟਾਲ ਦਿੱਤਾ ਸੀ। ਇਸ ਦੌਰਾਨ ਅਮਰੀਕਾ ਵੱਲੋਂ ਲਾਇਆ ਗਿਆ 10 ਫ਼ੀਸਦ ਮੂਲ ਟੈਕਸ ਹਾਲੇ ਵੀ ਲਾਗੂ ਹੈ। ਆਉਂਦੀ 9 ਜੁਲਾਈ ਦੀ ਸਮਾਂ-ਸੀਮਾ ਖ਼ਤਮ ਹੋਣ ਤੋਂ ਪਹਿਲਾਂ ਭਾਰਤ ਅਤੇ ਅਮਰੀਕਾ ਇਕ ਅੰਤਰਿਮ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀਆਂ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ ਜਿਸ ਨਾਲ ਦੋਵੇਂ ਮੁਲਕਾਂ ਦੇ ਅਧਿਕਾਰੀਆਂ ਅਤੇ ਮੰਤਰੀਆਂ ਦੇ ਪੱਧਰ ’ਤੇ ਕਈ ਗੇੜ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ। -ਪੀਟੀਆਈ