DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਣਖ ਖ਼ਾਤਰ ਕਤਲ: 25 ਸਾਲਾਂ ਬਾਅਦ ਵੀ ਜੱਸੀ ਨੂੰ ਨਾ ਮਿਲਿਆ ਇਨਸਾਫ

ਕਾਨੂੰਨੀ ਅੜਿਕਿੱਆਂ ਕਰ ਕੇ ਹੌਲੀ ਰਫ਼ਤਾਰ ਨਾਲ ਅਗੇ ਵਧ ਰਿਹੈ ਮਾਮਲਾ
  • fb
  • twitter
  • whatsapp
  • whatsapp
featured-img featured-img
ਜਸਵਿੰਦਰ ਕੌਰ ਜੱਸੀ ਦੀ ਪੁਰਾਣੀ ਤਸਵੀਰ।
Advertisement

ਜੁਪਿੰਦਰਜੀਤ ਸਿੰਘ

ਚੰਡੀਗੜ੍ਹ, 7 ਜੂਨ

Advertisement

ਜਸਵਿੰਦਰ ਕੌਰ ਜੱਸੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਨੂੰ 25 ਸਾਲ ਹੋ ਚੁੱਕੇ ਹਨ ਪਰ ਹਾਲੇ ਵੀ ਨਿਆਂ ਦੀ ਪ੍ਰਾਪਤੀ ਲਈ ਜੰਗ ਜਾਰੀ ਹੈ। ਕੈਨੇਡਾ ਵਿੱਚ ਪੰਜਾਬੀ ਮਾਪਿਆਂ ਦੇ ਘਰ ਜੰਮੀ ਜੱਸੀ 25 ਸਾਲਾਂ ਦੀ ਸੀ, ਜਦੋਂ ਰਵਾਇਤਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਕਰ ਕੇ ਉਸ ਦੀ ਜ਼ਿੰਦਗੀ ਨੂੰ ਹਿੰਸਕ ਢੰਗ ਨਾਲ ਖ਼ਤਮ ਕਰ ਦਿੱਤਾ ਗਿਆ। ਅੱਜ 25 ਸਾਲ ਹੋਰ ਲੰਘ ਚੁੱਕੇ ਹਨ ਪਰ ਨਿਆਂ ਮਿਲਣਾ ਬਾਕੀ ਹੈ। ਜੱਸੀ ਦਾ ਅਪਰਾਧ ਇਹ ਸੀ ਕਿ ਉਸ ਨੇ ਆਪਣੇ ਪ੍ਰਭਾਵਸ਼ਾਲੀ ਪਰਿਵਾਰ ਦੇ ਸਖ਼ਤ ਵਿਰੋਧ ਦੇ ਬਾਵਜੂਦ ਨਾਨਕੇ ਪਿੰਡ ਦੇ ਕਿਸਾਨ ਸੁਖਵਿੰਦਰ ਸਿੰਘ ਮਿੱਠੂ ਨਾਲ ਅਪਰੈਲ 1999 ਵਿੱਚ ਚੁੱਪ-ਚੁਪੀਤੇ ਵਿਆਹ ਕਰ ਲਿਆ ਸੀ। ਉਪਰੰਤ 8 ਜੂਨ 2000 ਨੂੰ ਸੰਗਰੂਰ ਜ਼ਿਲ੍ਹੇ ਦੇ ਨਾਰੀਕੇ ਪਿੰਡ ਵਿੱਚ ਮਿੱਠੂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਉਸ ਨੂੰ ਮਰਨ ਲਈ ਛੱਡ ਦਿੱਤਾ ਸੀ ਪਰ ਉਹ ਬੱਚ ਗਿਆ। ਹਮਲਾਵਰਾਂ ਨੇ ਜੱਸੀ ਦੀ ਗਲਾ ਵੱਢ ਦਿੱਤਾ ਸੀ ਤੇ ਲਾਸ਼ ਨੂੰ ਨਹਿਰ ਵਿੱਚ ਵਹਾਅ ਦਿੱਤਾ ਗਿਆ ਸੀ। ਐੱਸਐੱਸਪੀ ਜਤਿੰਦਰ ਸਿੰਘ ਔਲਖ ਅਤੇ ਸਬ ਇੰਸਪੈਕਟਰ ਸਵਰਨ ਸਿੰਘ ਨੇ ਮਾਮਲੇ ਨੂੰ ਸੁਲਝਾਇਆ ਅਤੇ ਡੂੰਘੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੀ। ਜਾਂਚ ਮੁਤਾਬਕ ਜੱਸੀ ਦੀ ਮਾਂ ਮਲਕੀਅਤ ਕੌਰ ਸਿੱਧੂ ਅਤੇ ਉਸ ਦੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੇ ਕਥਿਤ ਤੌਰ ’ਤੇ ਕੈਨੇਡਾ ਤੋਂ ਹੱਤਿਆ ਦਾ ਹੁਕਮ ਦਿੱਤਾ ਸੀ। ਫੋਨ ਰਿਕਾਰਡਾਂ ਰਾਹੀਂ ਸਾਜ਼ਿਸ਼ਘਾੜਿਆਂ ਅਤੇ ਕਾਤਲਾਂ ਵਿਚਾਲੇ 250 ਤੋਂ ਵੱਧ ਇਤਰਾਜ਼ਯੋਗ ਕਾਲਾਂ ਦਾ ਪਤਾ ਲੱਗਿਆ। 2003 ਵਿੱਚ ਭਗੌੜਾ ਐਲਾਨੇ ਜਾਣ ਤੋਂ ਬਾਅਦ ਮਲਕੀਅਤ ਤੇ ਸੁਰਜੀਤ ਨੇ ਜਨਵਰੀ 2018 ਵਿੱਚ ਭਾਰਤ ਲਿਆਏ ਜਾਣ ਤੋਂ ਪਹਿਲਾਂ 18 ਸਾਲ ਤੱਕ ਹਵਾਲਗੀ ਦਾ ਵਿਰੋਧ ਕੀਤਾ। ਆਈਪੀਐੱਸ ਅਧਿਕਾਰੀ ਕੁਲਦੀਪ ਕੌਰ ਦੀ ਅਗਵਾਈ ਵਿੱਚ ਪੰਜਾਬ ਪੁਲੀਸ ਦੀ ਟੀਮ ਨੇ ਕੈਨੇਡਾ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਯਕੀਨੀ ਬਣਾਈ ਪਰ ਕੈਨੇਡਾ ਦੇ ਨਿਆਂ ਮੰਤਰੀ ਨੇ ਆਖ਼ਰੀ ਸਮੇਂ ਇਸ ਨੂੰ ਰੋਕ ਦਿੱਤਾ। ਮਹੀਨਿਆਂ ਬਾਅਦ, ਅਖ਼ੀਰ ਮੁਲਜ਼ਮਾਂ ਨੂੰ ਭਾਰਤੀ ਅਧਿਕਾਰੀਆਂ ਹਵਾਲੇ ਕੀਤਾ ਗਿਆ ਪਰ ਇਸ ਮਾਮਲੇ ਵਿੱਚ ਅੱਜ ਵੀ ਨਿਆਂ ਦੀ ਰਫ਼ਤਾਰ ਕਾਫੀ ਧੀਮੀ ਹੈ।

ਮਾਲੇਰਕੋਟਲਾ ਦੀ ਅਦਾਲਤ ਵਿੱਚ ਮੁਕੱਦਮਾ ਕਾਨੂੰਨੀ ਅੜਿੱਕਿਆਂ ਕਰ ਕੇ ਕਾਫੀ ਦੇਰੀ ਨਾਲ ਅੱਗੇ ਵਧ ਰਿਹਾ ਹੈ। ਦੋਵੇਂ ਮੁਲਜ਼ਮਾਂ ਨੂੰ ਕੋਵਿਡ-19 ਦੌਰਾਨ ਜ਼ਮਾਨਤ ਮਿਲੀ ਜਦਕਿ 20 ਤੋਂ ਜ਼ਿਆਦਾ ਗਵਾਹ ਜਿਨ੍ਹਾਂ ਵਿੱਚ ਪੁਲੀਸ ਅਧਿਕਾਰੀ, ਸਿਹਤ ਅਧਿਕਾਰੀ ਅਤੇ ਸਥਾਨਕ ਲੋਕ ਸ਼ਾਮਲ ਹਨ, ਜ਼ਿਰ੍ਹਾ ਦੀ ਉਡੀਕ ਕਰ ਰਹੇ ਹਨ। ਮਿੱਠੂ ਦੀ ਮਾਂ ਸੁਖਦੇਵ ਕੌਰ ਦਾ ਕਹਿਣਾ ਹੈ, ‘‘ਅਸੀਂ ਇਸ ਵਾਸਤੇ ਪੀੜਤ ਹਾਂ ਕਿਉਂਕਿ ਸਾਡੇ ਕੋਲ ਕੋਈ ਤਾਕਤ ਨਹੀਂ ਹੈ, ਲੜਨ ਲਈ ਪੈਸੇ ਨਹੀਂ ਹਨ। ਮੈਨੂੰ ਨਹੀਂ ਪਤਾ ਕਿ ਮੈਂ ਜੱਸੀ ਦੇ ਕਾਤਲਾਂ ਨੂੰ ਸਜ਼ਾ ਮਿਲਦੇ ਹੋਏ ਦੇਖ ਸਕਾਂਗੀ ਜਾਂ ਨਹੀਂ ਪਰ ਅਸੀਂ ਹਾਰ ਨਹੀਂ ਮੰਨਾਂਗੇ। ਧਮਕੀਆਂ ਤੇ ਤੰਗ-ਪ੍ਰੇਸ਼ਾਨ ਕਰਨਾ ਜਾਰੀ ਹੈ, ਫਿਰ ਵੀ ਅਸੀਂ ਇਸ ਲਈ ਦ੍ਰਿੜ੍ਹ ਹਾਂ। ਨਿਆਂ ਭਾਵੇਂ ਕਿ ਹੌਲੀ ਹੋਵੇ ਪਰ ਅਸੀਂ ਅੰਤ ਤੱਕ ਲੜਾਂਗੇ।’’

ਮਿੱਠੂ ਦੀ ਖ਼ੁਆਰੀ ਜਾਰੀ

ਸੁਖਵਿੰਦਰ ਸਿੰਘ ਮਿੱਠੂ ਨੇ ਆਪਣੇ ਪਿਆਰ ਲਈ ਸੋਚ ਤੋਂ ਪਰੇ ਦੀ ਕੀਮਤ ਅਦਾ ਕੀਤੀ ਹੈ। ਉਸ ਉੱਪਰ ਬਲਾਤਕਾਰ ਤੋਂ ਲੈ ਕੇ ਨਸ਼ਾ ਤਸਕਰੀ ਤੱਕ ਦੇ ਛੇ ਝੂਠੇ ਦੋਸ਼ ਲਗਾਏ ਗਏ। ਉਹ ਉਨ੍ਹਾਂ ਸਾਰੇ ਦੋਸ਼ਾਂ ’ਚੋਂ ਬਰੀ ਹੋ ਚੁੱਕਾ ਹੈ। 2017 ਵਿੱਚ, ਜਸਟਿਸ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਵਿੱਚ ਕਮਿਸ਼ਨ ਨੇ ਅਧਿਕਾਰਿਤ ਤੌਰ ’ਤੇ ਮਨਘੜਤ ਮਾਮਲਿਆਂ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਪਰ ਸ਼ੋਸ਼ਣ ਖ਼ਤਮ ਨਹੀਂ ਹੋਇਆ। ਪ੍ਰੇਸ਼ਾਨੀ ਜਾਰੀ ਹੈ। ਦੋ ਹੋਰ ਮਾਮਲੇ ਚੱਲ ਰਹੇ ਹਨ।

Advertisement
×