ਸਿੱਧੂ ਮੂਸੇਵਾਲਾ ਦਸਤਾਵੇਜ਼ੀ ਮਾਮਲੇ ’ਤੇ ਸੁਣਵਾਈ 21 ਨੂੰ
ਜੋਗਿੰਦਰ ਸਿੰਘ ਮਾਨ
ਮਾਨਸਾ, 1 ਜੁਲਾਈ
ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਬਣੀ ਦਸਤਾਵੇਜ਼ੀ ‘ਦਾ ਕੀਲਿੰਗ ਕਾਲ’ ਦੀ ਸੁਣਵਾਈ ਮਾਨਸਾ ਦੀ ਅਦਾਲਤ ਵੱਲੋਂ ਮੁੜ 21 ਜੁਲਾਈ ’ਤੇ ਪੈ ਗਈ ਹੈ। ਅੱਜ ਬੀਬੀਸੀ ਵੱਲੋਂ ਸੀਨੀਅਰ ਵਕੀਲ ਬਲਵੰਤ ਭਾਟੀਆ, ਐਂਕਰ ਇਸ਼ਲੀਨ ਕੌਰ ਤੇ ਅੰਕੁਰ ਜੈਨ ਵਲੋਂ ਐਡਵੋਕੇਟ ਗੁਰਦਾਸ ਸਿੰਘ ਮਾਨ ਨੇ ਅਦਾਲਤ ਵਿਚ ਪੇਸ਼ ਹੋ ਕੇ ਦਾਅਵੇ ਦੇ ਜਵਾਬ ਦੇ ਨਾਲ ਹੀ ਸੀਪੀਸੀ ਦੇ ਆਰਡਰ 39 ਰੂਲ 1-2 ਅਧੀਨ ਦਰਖਾਸਤ ਦਾ ਜਵਾਬ ਵੀ ਦਾਖ਼ਲ ਕਰ ਦਿੱਤਾ। ਮੁੱਦਈ ਧਿਰ ਦੇ ਵਕੀਲ ਸਤਿੰਦਰਪਾਲ ਸਿੰਘ ਨੇ ਬੀਬੀਸੀ ਵੱਲੋਂ ਆਰਡਰ 7 ਰੂਲ 11 ਅਧੀਨ ਦਾਇਰ ਕੀਤੀ ਦਰਖਾਸਤ ਦਾ ਜਵਾਬ ਦੂਸਰੀ ਤਾਰੀਖ ’ਤੇ ਵੀ ਨਹੀਂ ਦਿੱਤਾ। ਇਹ ਜਵਾਬ ਦਾਖ਼ਲ ਕਰਨ ਲਈ ਅਦਾਲਤ ਨੇ ਸਬੰਧਤ ਮਿਤੀ ਮੁਕੱਰਰ ਕੀਤੀ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ’ਤੇ ਬਣਾਈ ਗਈ ਦਸਤਾਵੇਜ਼ੀ ਨਾਲ ਉਨ੍ਹਾਂ ਦੀ ਮਾਣਹਾਣੀ ਹੋਈ ਹੈ। ਇਸ ਸਬੰਧੀ ਬੀਬੀਸੀ ਨੇ ਕੋਈ ਆਗਿਆ ਨਹੀਂ ਲਈ ਅਤੇ ਇਸ ਦਾ ਅਸਰ ਮੂਸੇਵਾਲਾ ਕਤਲ ਕੇਸ ਦੇ ’ਤੇ ਵੀ ਪਵੇਗਾ। ਉਧਰ, ਬੀਬੀਸੀ ਦੇ ਵਕੀਲ ਬਲਵੰਤ ਭਾਟੀਆ ਨੇ ਜਵਾਬ ਦਾਅਵਾ ਪੇਸ਼ ਕਰਦਿਆਂ ਕਿਹਾ ਕਿ ਇਸ ਦਸਤਾਵੇਜ਼ੀ ਨਾਲ ਕਿਸੇ ਤਰ੍ਹਾਂ ਦੀ ਕੋਈ ਮਾਣਹਾਨੀ ਨਹੀਂ ਹੁੰਦੀ ਅਤੇ ਨਾ ਹੀ ਮੂਸੇਵਾਲਾ ’ਤੇ ਦਸਤਾਵੇਜ਼ੀ ਬਣਾਉਣ ਲਈ ਆਗਿਆ ਦੀ ਕੋਈ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦਸਤਾਵੇਜ਼ੀ ਨਾਲ ਕਤਲ ਮਾਮਲੇ ’ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਇਸ ’ਤੇ ਕਿਸੇ ਤਰ੍ਹਾਂ ਦੀ ਰੋਕ ਲਗਾਉਣਾ ਨਹੀਂ ਬਣਦਾ। ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਕਿਹਾ ਕਿ ਉਨ੍ਹਾਂ ਨੇ ਬੀਬੀਸੀ ਦੇ ਦਾਅਵੇ ਦਾ ਜਵਾਬ ਦੇਣਾ ਸੀ, ਇਸ ਤੋਂ ਪਹਿਲਾਂ ਹੀ ਬੀਬੀਸੀ ਨੇ ਆਪਣਾ ਜਵਾਬ ਦਾਅਵਾ ਪੇਸ਼ ਕਰ ਦਿੱਤਾ।