DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਜ਼ਲੂਮਾਂ ਦੇ ਮਸੀਹਾ ਸਨ ਗੁਰੂ ਤੇਗ ਬਹਾਦਰ: ਗੜਗੱਜ

ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ; ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਸਣੇ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
  • fb
  • twitter
  • whatsapp
  • whatsapp
Advertisement

ਗੁਰਨਾਮ ਸਿੰਘ ਅਕੀਦਾ

ਪਟਿਆਲਾ, 6 ਜੁਲਾਈ

Advertisement

ਇੱਥੇ ਗੁਰੂ ਤੇਗ਼ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਗੁਰਦੁਆਰਾ ਮੋਤੀ ਬਾਗ਼ ਸਾਹਿਬ, ਪਾਤਸ਼ਾਹੀ ਨੌਵੀਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਸੰਕਲਪ ਧਾਰਮਿਕ ਆਜ਼ਾਦੀ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਕਿਸੇ ਮਜ਼ਹਬ ਵਿਸ਼ੇਸ਼ ਦੇ ਵਿਰੋਧੀ ਨਹੀਂ ਸਗੋਂ ਮਜ਼ਲੂਮਾਂ ਦੇ ਮਸੀਹਾ ਸਨ।

ਜੇ ਹਿੰਦੂ ਸਮਾਜ ਦੀ ਥਾਂ ਕਿਸੇ ਹੋਰ ਮਜ਼ਹਬ ਦੇ ਲੋਕਾਂ ’ਤੇ ਵੀ ਧਰਮ ਨਿਭਾਉਣ ਨੂੰ ਲੈ ਕੇ ਸੰਕਟ ਬਣਿਆ ਹੁੰਦਾ ਤਾਂ ਗੁਰੂ ਸਾਹਿਬ ਦਾ ਉਸ ਪ੍ਰਤੀ ਵੀ ਇਹੀ ਨਿਰਣਾ ਹੋਣਾ ਸੀ। ਉਨ੍ਹਾਂ ਸਿੱਖ ਸੰਗਤ ਨੂੰ ਪ੍ਰੇਰਨਾ ਦਿੱਤੀ ਕਿ ਬੇਸ਼ਕ ਸਾਡੇ ’ਤੇ ਕਿੰਨੀਆਂ ਵੀ ਔਕੜਾਂ ਆ ਜਾਣ ਸਾਡਾ ਮੁੱਖ ਹਮੇਸ਼ਾ ਗੁਰੂ ਵੱਲ ਰਹਿਣਾ ਚਾਹੀਦਾ ਹੈ। ਉਨ੍ਹਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ ਦ੍ਰਿੜ੍ਹਤਾ ਤੋਂ ਸੇਧ ਲੈਣ ਦੀ ਗੱਲ ਵੀ ਆਖੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਿਰਫ਼ ਸਿੱਖ ਇਤਿਹਾਸ ਵਿੱਚ ਹੀ ਨਹੀਂ, ਸਗੋਂ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਮਾਨਵੀ ਕਦਰਾਂ-ਕੀਮਤਾਂ ਦੀ ਰਖਵਾਲੀ ਲਈ ਅਦੁੱਤੀ ਘਟਨਾ ਸੀ। ਉਨ੍ਹਾਂ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਨੂੰ ਸੂਚਿਤ ਕੀਤਾ ਕਿ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਤਿਹਾਸ ਦੀ ਖੋਜ ਦੇ ਕਾਰਜ ਕਰਨ ਵੇਲੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੀ ਮੌਲਿਕਤਾ ਤੇ ਪ੍ਰਮਾਣਿਕਤਾ ਬਰਕਰਾਰ ਰਹੇ ਅਤੇ ਗੁਰੂ ਸਾਹਿਬ ਵੱਲੋਂ ਮਜ਼ਹਬਾਂ ਦੀ ਵਲਗਣ ਤੋਂ ਉੱਪਰ ਉੱਠ ਕੇ ਜ਼ਮੀਰ ਦੀ ਆਜ਼ਾਦੀ ਲਈ ਦਿੱਤੀ ਮਹਾਨ ਕੁਰਬਾਨੀ ਦਾ ਸਹੀ ਵਿਖਿਆਨ ਕੀਤਾ ਜਾਵੇ।

ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਸ਼ਤਾਬਦੀ ਦਿਹਾੜੇ ਕੌਮੀ ਇੱਕਜੁਟਤਾ ਨਾਲ ਮਨਾਉਣ ਦੀ ਅਪੀਲ ਕੀਤੀ। ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅੱਜ ਕੌਮ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਹਮਲੇ ਹੋ ਰਹੇ ਹਨ ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਦਰਬਾਰਾ ਸਿੰਘ ਗੁਰੂ, ਤੇਜਿੰਦਰ ਸਿੰਘ ਮਿੱਡੂਖੇੜਾ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸੁਰਜੀਤ ਸਿੰਘ ਗੜ੍ਹੀ ਤੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਆਦਿ ਹਾਜ਼ਰ ਸਨ।

Advertisement
×