ਲੋਕਾਂ ਦਾ ਧਿਆਨ ਭਟਕਾਉਣ ਲਈ ਬੇਅਦਬੀ ਕਰਾਉਂਦੀਆਂ ਨੇ ਸਰਕਾਰਾਂ: ਡੱਲੇਵਾਲ
ਸੁਭਾਸ਼ ਚੰਦਰ
ਸਮਾਣਾ, 24 ਜੂਨ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਹੈ ਕਿ ਜਦੋਂ ਵੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਚਲਾਇਆ ਅੰਦੋਲਨ ਤੇਜ਼ ਹੁੰਦਾ ਹੈ ਤਾਂ ਸਰਕਾਰਾਂ ਆਪਣੀਆਂ ਏਜੰਸੀਆਂ ਰਾਹੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਅਤੇ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਧਾਰਮਿਕ ਗ੍ਰੰਥਾਂ ਜਾਂ ਸਥਾਨਾਂ ਦੀ ਬੇਅਦਬੀ ਕਰਵਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਜਾਣਬੁੱਝ ਕੇ ਬਦਨੀਤੀ ਕਾਰਨ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਨਹੀਂ ਬਣਾਉਂਦੀਆਂ ਕਿਉਂਕਿ ਉਹ ਇਸ ਨੂੰ ਹਥਿਆਰ ਵਜੋਂ ਵਰਤਦੀਆਂ ਹਨ। ਡੱਲੇਵਾਲ ਅੱਜ ਇੱਥੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ 12 ਅਕਤੂਬਰ 2024 ਤੋਂ ਲੱਗੇ ‘ਟਾਵਰ ਮੋਰਚੇ’ ਉੱਤੇ ਪਹਿਲੀ ਵਾਰ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ 400 ਫੁੱਟ ਉੱਚੇ ਭਾਰਤੀ ਸੰਚਾਰ ਨਿਗਮ ਦੇ ਟਾਵਰ ’ਤੇ 257 ਦਿਨਾਂ ਤੋਂ ਚੜ੍ਹੇ ਭਾਈ ਗੁਰਜੀਤ ਸਿੰਘ ਦੇ ਹੱਕ ਵਿਚ ਆਉਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਦੋਸ਼ ਲਗਾਇਆ ਕਿ ਉਹ ਭਾਜਪਾ ਦੀਆਂ ਨੀਤੀਆਂ ’ਤੇ ਚੱਲਦੀ ਹੋਈ ਵਪਾਰੀ ਵਰਗ ਨੂੰ ਖੁਸ਼ ਕਰਨ ਵਿਚ ਲੱਗੀ ਹੋਈ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਇਸ ਸਬੰਧੀ ਬਿੱਲ ਦਾ ਖਰੜਾ ਮੁੱਖ ਮੰਤਰੀ ਕੋਲ 9 ਜੂਨ ਦਾ ਪਹੁੰਚਿਆ ਹੋਇਆ ਹੈ ਪਰ ਮੁੱਖ ਮੰਤਰੀ ਕਾਨੂੰਨ ਬਣਾਉਣ ਤੋਂ ਟਾਲਾ ਵੱਟ ਰਹੇ ਹਨ। ਇਸ ਮੌਕੇ ਮੋਰਚੇ ਦੇ ਸੰਯੋਜਕ ਭਾਈ ਗੁਰਪ੍ਰੀਤ ਸਿੰਘ ਟਹਿਲ ਸੇਵਾ ਅੱਠੇ ਪਹਿਰ ਅਤੇ ਭਾਈ ਤਲਵਿੰਦਰ ਸਿੰਘ ਔਲਖ ਨੇ ਦੱਸਿਆ ਕਿ 25 ਜੂਨ ਨੂੰ ਮੋਰਚੇ ’ਤੇ ਸਰਬ ਧਰਮ ਸੰਮੇਲਨ ਕੀਤਾ ਜਾ ਰਿਹਾ ਹੈ।