ਸਰਕਾਰ 15 ਅਗਸਤ ਤੋਂ 3 ਹਜ਼ਾਰ ਰੁਪਏ ਦਾ ਫਾਸਟੈਗ ਸਾਲਾਨਾ ਪਾਸ ਕਰੇਗੀ ਸ਼ੁਰੂ
ਨਵੀਂ ਦਿੱਲੀ, 18 ਜੂਨ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਸਰਕਾਰ ਆਮ ਲੋਕਾਂ ਨੂੰ ਪ੍ਰੇਸ਼ਾਨੀ ਰਹਿਤ ਹਾਈਵੇਅ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ 15 ਅਗਸਤ ਤੋਂ ਪ੍ਰਾਈਵੇਟ ਵਾਹਨਾਂ ਲਈ 3,000 ਰੁਪਏ ਦੀ ਕੀਮਤ ਵਾਲੇ ਫਾਸਟੈਗ ਆਧਾਰਤ ਸਾਲਾਨਾ ਪਾਸ ਦੀ ਸਕੀਮ ਸ਼ੁਰੂ ਕਰੇਗੀ। ਗਡਕਰੀ ਨੇ ਐੱਕਸ ’ਤੇ ਕਿਹਾ ਕਿ ਇਹ ਪਾਸ ਐਕਟੀਵੇਸ਼ਨ ਦੀ ਮਿਤੀ ਤੋਂ ਇੱਕ ਸਾਲ ਜਾਂ 200 ਯਾਤਰਾਵਾਂ ਤੱਕ, ਜੋ ਵੀ ਪਹਿਲਾਂ ਹੋਵੇ, ਲਈ ਵੈਧ ਹੋਵੇਗਾ। ਇਹ ਪਾਸ ਵਿਸ਼ੇਸ਼ ਤੌਰ ’ਤੇ ਗੈਰ-ਵਪਾਰਕ ਪ੍ਰਾਈਵੇਟ ਵਾਹਨਾਂ ਜਿਵੇਂ ਕਿ ਕਾਰਾਂ, ਜੀਪਾਂ ਅਤੇ ਵੈਨਾਂ ਲਈ ਤਿਆਰ ਕੀਤਾ ਗਿਆ ਹੈ।
ਸੜਕ ਆਵਾਜਾਈ ਅਤੇ ਹਾਈਵੇਅ ਮੰਤਰੀ ਨੇ ਦੱਸਿਆ ਕਿ ਇਹ ਸਾਲਾਨਾ ਪਾਸ ਦੇਸ਼ ਭਰ ਵਿੱਚ ਕੌਮੀ ਸ਼ਾਹਰਾਹਾਂ ’ਤੇ ਚੱਲੇਗਾ। ਉਨ੍ਹਾਂ ਕਿਹਾ ਕਿ ਐਕਟੀਵੇਸ਼ਨ ਅਤੇ ਨਵੀਨੀਕਰਨ ਲਈ ਸਮਰਪਿਤ ਲਿੰਕ ਜਲਦੀ ਹੀ ਰਾਜਮਾਰਗ ਯਾਤਰਾ ਐਪ ਦੇ ਨਾਲ-ਨਾਲ ਐੱਨਐੱਚਏਆਈ ਅਤੇ ਐੱਮਓਆਰਟੀਐੱਚ ਦੀਆਂ ਅਧਿਕਾਰਤ ਵੈੱਬਸਾਈਟਾਂ ’ਤੇ ਉਪਲਬਧ ਹੋਵੇਗਾ। ਇਹ ਨੀਤੀ 60 ਕਿਲੋਮੀਟਰ ਦੀ ਰੇਂਜ ਦੇ ਅੰਦਰ ਸਥਿਤ ਟੌਲ ਪਲਾਜ਼ਿਆਂ ਸਬੰਧੀ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਚਿੰਤਾਵਾਂ ਨੂੰ ਦੂਰ ਕਰੇਗੀ ਅਤੇ ਕਿਫ਼ਾਇਤੀ ਲੈਣ-ਦੇਣ ਰਾਹੀਂ ਟੌਲ ਭੁਗਤਾਨ ਨੂੰ ਸਰਲ ਬਣਾਏਗੀ। ਉਨ੍ਹਾਂ ਕਿਹਾ, ‘ਸਾਲਾਨਾ ਪਾਸ ਦਾ ਉਦੇਸ਼ ਟੌਲ ਪਲਾਜ਼ਿਆਂ ’ਤੇ ਉਡੀਕ ਸਮਾਂ, ਭੀੜ ਅਤੇ ਵਿਵਾਦਾਂ ਨੂੰ ਘੱਟ ਕਰਕੇ ਲੱਖਾਂ ਪ੍ਰਾਈਵੇਟ ਵਾਹਨ ਮਾਲਕਾਂ ਨੂੰ ਤੇਜ਼ ਅਤੇ ਸੁਚਾਰੂ ਸਫ਼ਰ ਦਾ ਤਜਰਬਾ ਮੁਹੱਈਆ ਕਰਵਾਉਣਾ ਹੈ।’ -ਪੀਟੀਆਈ