DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੰਡੇ ਅੱਗੇ ਭੂਤ ਨੱਚਦੇ: ਆਹ ਲਓ! ਇੱਕ ਨਾਲ ਇੱਕ ‘ਫਰੀ’

ਟਰੈਕਟਰ ਘਪਲੇ ’ਚ ਚਾਰ ਅਫ਼ਸਰ ਮੁਅੱਤਲ
  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 26 ਜੂਨ

Advertisement

ਪੰਜਾਬ ਪਸ਼ੂ ਪਾਲਣ ਵਿਭਾਗ ’ਚ ‘ਟਰੈਕਟਰ ਘਪਲੇ’ ਨੇ ਧੂੜ ਪੁੱਟ ਦਿੱਤੀ ਹੈ। ਮਾਮਲਾ ਚਾਹੇ ਨਵੇਂ ਖ਼ਰੀਦੇ ਟਰੈਕਟਰ ਦਾ ਹੀ ਹੈ ਪ੍ਰੰਤੂ ਖੰਨਾ ਦੀ ਟਰੈਕਟਰ ਏਜੰਸੀ ਨੇ ਕ੍ਰਿਸ਼ਮਾ ਕਰ ਦਿੱਤਾ। ਏਜੰਸੀ ਨੇ 2025 ਮਾਡਲ ਦਾ ਟਰੈਕਟਰ ਦੇਣ ਦੀ ਬਜਾਏ 2023 ਮਾਡਲ ਦਾ ਟਰੈਕਟਰ ਡਿਲਿਵਰ ਕਰ ਦਿੱਤਾ ਅਤੇ ਪਸ਼ੂ ਪਾਲਣ ਮਹਿਕਮੇ ਨੇ ਲੈ ਵੀ ਲਿਆ। ਧੋਖੇ ਨਾਲ ਘੱਟ ਕੀਮਤ ਵਾਲਾ ਟਰੈਕਟਰ ਦੇਣ ਦਾ ਮਾਮਲਾ ਜਦੋਂ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਫ਼ੌਰੀ ਕਾਰਵਾਈ ਕਰਨ ਲਈ ਕਿਹਾ। ਮਹਿਕਮੇ ਨੇ ਇਸ ਮਾਮਲੇ ’ਚ ਦੋ ਸਹਾਇਕ ਡਾਇਰੈਕਟਰ ਅਤੇ ਦੋ ਵੈਟਰਨਰੀ ਅਫ਼ਸਰ ਮੁਅੱਤਲ ਕਰ ਦਿੱਤੇ ਹਨ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦੀ ਸ਼ਿਕਾਇਤ ’ਤੇ ਸਿਟੀ ਖੰਨਾ ਦੀ ਪੁਲੀਸ ਨੇ ਖੰਨਾ ਦੀ ਸ਼ਿਵਮ ਮੋਟਰਜ਼ ਦੇ ਮਾਲਕ ’ਤੇ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਹੈ। ਜਦੋਂ ਟਰੈਕਟਰ ਏਜੰਸੀ ਖ਼ਿਲਾਫ਼ ਡੰਡਾ ਖੜਕਾ ਦਿੱਤਾ ਤਾਂ ਏਜੰਸੀ ਮਾਲਕ ਵਿਭਾਗ ਨੂੰ ਨਵਾਂ 2025 ਮਾਡਲ ਟਰੈਕਟਰ ਦੇ ਗਏ ਹਨ, ਜਦੋਂ ਕਿ ਪੁਰਾਣਾ ਵੀ ਮਹਿਕਮੇ ਕੋਲ ਹੀ ਖੜ੍ਹਾ ਹੈ।

ਪੁਲੀਸ ਕੇਸ ਅਨੁਸਾਰ ਪੰਜਾਬ ਪਸ਼ੂ ਧਨ ਵਿਕਾਸ ਬੋਰਡ ਵੱਲੋਂ ਪਟਿਆਲਾ ਦੇ ਸਰਕਾਰੀ ਰੌਣੀ ਫਾਰਮ ਲਈ ਨਵੇਂ ਟਰੈਕਟਰ ਮਹਿੰਦਰਾ ਦੀ ਖ਼ਰੀਦ ਲਈ 23 ਅਪਰੈਲ ਨੂੰ ‘ਜੈੱਮ ਪੋਰਟਲ’ ’ਤੇ ਆਰਡਰ ਕੀਤਾ ਗਿਆ ਸੀ। ਕੰਪਨੀ ਵੱਲੋਂ ਇਸ ਟਰੈਕਟਰ ਦੀ ਡਿਲਿਵਰੀ 23 ਅਪਰੈਲ ਤੋਂ 22 ਜੁਲਾਈ ਦਰਮਿਆਨ ਦਿੱਤੀ ਜਾਣੀ ਸੀ। ਸ਼ਿਵਮ ਮੋਟਰਜ਼ ਖੰਨਾ ਵੱਲੋਂ 24 ਅਪਰੈਲ ਨੂੰ 9.95 ਲੱਖ ਰੁਪਏ ਦੀ ਅਦਾਇਗੀ ਲਈ ਬਿੱਲ ਨੰ. 3356 ਭੇਜਿਆ ਗਿਆ। ਬਿੱਲ ਵਿੱਚ ਟਰੈਕਟਰ ਦਾ ਮਾਡਲ, ਸੀਰੀਅਲ ਨੰਬਰ ਅਤੇ ਇੰਜਣ ਨੰਬਰ ਮੌਜੂਦ ਸਨ ਪ੍ਰੰਤੂ ਜਦੋਂ ਟਰੈਕਟਰ ਦੀ ਡਿਲਿਵਰੀ ਸਮੇਂ ਸੇਲ ਸਰਟੀਫਿਕੇਟ ਪੇਸ਼ ਕੀਤਾ ਗਿਆ ਤਾਂ ਉਸ ’ਚ ਅਲੱਗ ਮਾਡਲ ਦਾ ਟਰੈਕਟਰ ਸੀ।

ਮਤਲਬ ਇਹ ਕਿ ਘੱਟ ਕੀਮਤ ਵਾਲਾ 2023 ਮਾਡਲ ਦਾ ਟਰੈਕਟਰ ਡਿਲਿਵਰ ਕਰ ਦਿੱਤਾ ਗਿਆ, ਜਦੋਂ ਕਿ ਅਦਾਇਗੀ 2025 ਮਾਡਲ ਦੇ ਟਰੈਕਟਰ ਦੀ ਕੀਤੀ ਗਈ ਸੀ। ਪਸ਼ੂ ਪਾਲਣ ਮਹਿਕਮੇ ਤਰਫ਼ੋਂ ਟਰੈਕਟਰ ਦੀ ਇੰਸਪੈਕਸ਼ਨ ਵਾਸਤੇ ਚਾਰ ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਨੇ ਏਜੰਸੀ ਵੱਲੋਂ ਕੀਤੀ ਹੇਰਾਫੇਰੀ ਵੱਲ ਧਿਆਨ ਦਿੱਤੇ ਬਿਨਾਂ ਮਨਜ਼ੂਰੀ ਦੇ ਦਿੱਤੀ। ਮਹਿਕਮੇ ਦੀ ਟੀਮ ਦਾ ਇਹ ਕਸੂਰ ਪਾਇਆ ਗਿਆ ਹੈ ਕਿ ਟਰੈਕਟਰ ਦੀ ਗ਼ਲਤ ਡਿਲਿਵਰੀ ਪ੍ਰਾਪਤ ਕੀਤੀ ਅਤੇ ਡਿਲਿਵਰੀ ਮੌਕੇ ਸਹੀ ਮਿਲਾਣ ਨਹੀਂ ਕੀਤਾ ਗਿਆ।

ਮਹਿਕਮੇ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਫ਼ੌਰੀ ਕੈਟਲ ਫਾਰਮ ਰੌਣੀ ਦੇ ਸਹਾਇਕ ਡਾਇਰੈਕਟਰ ਡਾ. ਦਵਿੰਦਰ ਸਿੰਘ, ਪਟਿਆਲਾ ਦੇ ਪਿੰਡ ਕੁਲ੍ਹੇ ਮਾਜਰਾ ਦੇ ਬੱਕਰੀ ਫਾਰਮ ਦੇ ਸਹਾਇਕ ਡਾਇਰੈਕਟਰ ਡਾ. ਗੁਰਬਖ਼ਸ਼ ਸਿੰਘ, ਕੈਟਲ ਫਾਰਮ ਰੌਣੀ ਦੇ ਵੈਟਰਨਰੀ ਅਫ਼ਸਰ ਡਾ. ਅਮਿਤ ਜਿੰਦਲ ਅਤੇ ਡਾ. ਰੋਹਤਾਸ਼ ਮਿੱਤਲ ਨੂੰ ਮੁਅੱਤਲ ਕਰ ਦਿੱਤਾ ਹੈ।

ਦੋਸ਼ੀਆਂ ਖ਼ਿਲਾਫ਼ ਫ਼ੌਰੀ ਕਾਰਵਾਈ ਕੀਤੀ: ਖੁੱਡੀਆਂ

ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਹੀ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਫ਼ੌਰੀ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ ਸਨ ਅਤੇ ਟਰੈਕਟਰ ਏਜੰਸੀ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਵਿਭਾਗ ਵਿੱਚ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Advertisement
×