ਸੰਜੀਵ ਹਾਂਡਾ
ਫ਼ਿਰੋਜ਼ਪੁਰ, 18 ਸਤੰਬਰ
ਵਿਜੀਲੈਂਸ ਵਿਭਾਗ ਦੀ ਟੀਮ ਨੇ ਫ਼ਿਰੋਜ਼ਪੁਰ ਦੇ ਦਿਹਾਤੀ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੂੰ ਉਸ ਦੇ ਪਤੀ ਸਮੇਤ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਸਤਿਕਾਰ ਕੌਰ ਗਹਿਰੀ ਦੀ ਗ੍ਰਿਫ਼ਤਾਰੀ ਮੁਹਾਲੀ ਤੋਂ ਕੀਤੀ ਗਈ ਹੈ ਜਦਕਿ ਉਸ ਦੇ ਪਤੀ ਜਸਮੇਲ ਸਿੰਘ ਉਰਫ਼ ਲਾਡੀ ਗਹਿਰੀ ਨੂੰ ਫ਼ਿਰੋਜ਼ਪੁਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਸਤਿਕਾਰ ਕੌਰ ਨੂੰ ਬਾਅਦ ਦੁਪਹਿਰ ਫ਼ਿਰੋਜ਼ਪੁਰ ਲਿਆਂਦਾ ਗਿਆ ਤੇ ਇੱਥੇ ਵਿਜੀਲੈਂਸ ਟੀਮ ਦੇ ਹਵਾਲੇ ਕਰ ਦਿੱਤਾ ਗਿਆ। ਭਲਕੇ ਇਨ੍ਹਾਂ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸਤਿਕਾਰ ਕੌਰ ਗਹਿਰੀ ਸਾਲ 2017 ਤੋਂ 2022 ਤੱਕ ਇੱਥੋਂ ਦੇ ਦਿਹਾਤੀ ਹਲਕੇ ਤੋਂ ਵਿਧਾਇਕਾ ਰਹੀ ਹੈ। ਸਾਲ 2022 ਵਿਚ ਜਦੋਂ ਉਸ ਨੂੰ ਦੁਬਾਰਾ ਟਿਕਟ ਨਾ ਮਿਲੀ ਤਾਂ ਉਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਈ ਸੀ। ਗਹਿਰੀ ਜੋੜੇ ਉਪਰ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਵਸੀਲਿਆਂ ਤੋਂ ਕਿਤੇ ਵੱਧ ਜਾਇਦਾਦ ਬਣਾਈ ਹੈ। ਵਿਜੀਲੈਂਸ ਵਿਭਾਗ ਪਿਛਲੇ ਕਈ ਮਹੀਨਿਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਿਹਾ ਸੀ ਤੇ ਹੁਣ ਤੱਕ ਕਈ ਵਾਰ ਦੋਵਾਂ ਨੂੰ ਵਿਜੀਲੈਂਸ ਦਫ਼ਤਰ ਵੀ ਬੁਲਾਇਆ ਗਿਆ ਸੀ ਜਿਥੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ ਗਏ ਸਨ। ਵਿਜੀਲੈਂਸ ਟੀਮ ਨੂੰ ਇਨ੍ਹਾਂ ਦੋਵਾਂ ਬਾਰੇ ਰੇਤੇ ਦੀਆਂ ਨਾਜਾਇਜ਼ ਖੱਡਾਂ ਤੋਂ ਵੀ ਮੋਟੀ ਕਮਾਈ ਕਰਨ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਭਲਕੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਮੰਗਿਆ ਜਾਵੇਗਾ ਤੇ ਹੋਰ ਅਹਿਮ ਜਾਣਕਾਰੀਆਂ ਹਾਸਲ ਕੀਤੀਆਂ ਜਾਣਗੀਆਂ।
ਪੰਜ ਸਾਲਾਂ ’ਚ 1.65 ਕਰੋੜ ਕਮਾਈ ਤੇ ਖਰਚਾ 4.83 ਕਰੋੜ ਰੁਪਏ
ਵਿਜੀਲੈਂਸ ਵਿਭਾਗ ਫ਼ਿਰੋਜ਼ਪੁਰ ਰੇਂਜ ਦੇ ਐਸਐਸਪੀ ਗੁਰਮੀਤ ਸਿੰਘ ਨੇ ਦੋਵਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਦੋਂ ਇਹ ਕੇਸ ਤਿਆਰ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਸਤਿਕਾਰ ਕੌਰ ਗਹਿਰੀ ਦੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਉਸ ਦੀ ਕਮਾਈ 1.65 ਕਰੋੜ ਸੀ ਜਦਕਿ ਇਸ ਦੌਰਾਨ ਉਸ ਨੇ 4.83 ਕਰੋੜ ਰੁਪਏ ਖਰਚ ਕੀਤੇ ਸਨ। ਵਿਜੀਲੈਂਸ ਵਿਭਾਗ ਵੱਲੋਂ ਜਦੋਂ ਵਾਧੂ ਆਮਦਨ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ। ਐੱਸਐੱਸਪੀ ਨੇ ਇਹ ਵੀ ਦੱਸਿਆ ਕਿ ਸਤਿਕਾਰ ਕੌਰ ਗਹਿਰੀ ਨੇ ਜਦੋਂ ਪਹਿਲੀ ਵਾਰ ਚੋਣ ਲੜੀ ਸੀ ਤਾਂ ਉਸ ਨੇ ਆਪਣੀ ਕਿਸੇ ਜਾਇਦਾਦ ਦਾ ਜ਼ਿਕਰ ਨਹੀਂ ਕੀਤਾ ਸੀ ਜਦਕਿ ਅਗਲੀ ਵਾਰ ਭਰੇ ਫ਼ਾਰਮ ਵਿਚ ਉਸ ਨੇ ਅੱਠ ਤੋਂ ਦਸ ਨਵੀਆਂ ਜਾਇਦਾਦਾਂ ਦਾ ਜ਼ਿਕਰ ਕੀਤਾ ਹੈ। ਵਿਜੀਲੈਂਸ ਟੀਮ ਹੁਣ ਇਨ੍ਹਾਂ ਸਾਰੀਆਂ ਜਾਇਦਾਦਾਂ ਦੇ ਵੇਰਵੇ ਇਕੱਤਰ ਕਰ ਰਹੀ ਹੈ।