ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਅੱਠ ਕੈਡੇਟ ਐੱਨਡੀਏ ਤੋਂ ਗਰੈਜੂਏਟ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 30 ਮਈ
ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ ਅੱਠ ਕੈਡਿਟ ਨੈਸ਼ਨਲ ਡਿਫੈਂਸ ਅਕਾਦਮੀ (ਐਨਡੀਏ) ਖੜਕਵਾਸਲਾ (ਪੁਣੇ) ਤੋਂ ਗਰੈਜੂਏਟ ਹੋਏ ਹਨ। ਇਨ੍ਹਾਂ ਕੈਡੇਟਾਂ ਨੇ 148ਵੇਂ ਐਨਡੀਏ ਕੋਰਸ ਦੀ ਪਾਸਿੰਗ ਆਊਟ ਪਰੇਡ ਵਿੱਚ ਹਿੱਸਾ ਲਿਆ ਜਿਸ ਦਾ ਨਿਰੀਖਣ ਮਿਜ਼ੋਰਮ ਦੇ ਰਾਜਪਾਲ ਅਤੇ ਸਾਬਕਾ ਫੌਜ ਮੁਖੀ ਜਨਰਲ ਵੀਕੇ ਸਿੰਘ ਨੇ ਕੀਤਾ।
ਪੰਜਾਬ ਦੇ ਕੈਬਨਿਟ ਮੰਤਰੀ ਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਅੱਠ ਕੈਡੇਟਾਂ ਵਿੱਚ ਮੁਹਾਲੀ ਤੋਂ ਅਭੈ ਸਿੰਘ ਰਾਘਵ ਤੇ ਵਿਸ਼ੇਸ਼ ਸੂਦ, ਹੁਸ਼ਿਆਰਪੁਰ ਤੋਂ ਪਰਮਜੋਤ ਸਿੰਘ ਤੇ ਅਨੀਕੇਤ ਕਾਹੋਲ, ਸੰਗਰੂਰ ਤੋਂ ਅਰਪਿਤ ਪਰਾਸ਼ਰ, ਰੂਪਨਗਰ ਤੋਂ ਉਦੈਬੀਰ ਸਿੰਘ, ਪਠਾਨਕੋਟ ਤੋਂ ਅਨੁਰਾਗ ਚੌਹਾਨ ਤੇ ਤਨਮਯ ਸ਼ਰਮਾ ਨੇ ਐਨਡੀਏ ਵਿੱਚ ਤਿੰਨ ਸਾਲਾਂ ਦੀ ਸਿਖਲਾਈ ਸਫਲਤਾਪੂਰਵਕ ਪੂਰੀ ਕਰ ਲਈ ਹੈ। ਹੁਣ ਉਹ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਤੋਂ ਪਹਿਲਾਂ ਇੱਕ ਸਾਲ ਦੀ ਸਿਖਲਾਈ ਲਈ ਸਰਵਿਸ ਟਰੇਨਿੰਗ ਅਕਾਦਮੀਆਂ ਵਿੱਚ ਜਾਣਗੇ।
ਅਮਨ ਅਰੋੜਾ ਨੇ ਪਾਸ ਆਊਟ ਹੋਏ ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹਣ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਦੇ ਚਾਹਵਾਨ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਦਿੱਤੇ ਜਾ ਰਹੇ ਸ਼ਾਨਦਾਰ ਨਤੀਜਿਆਂ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ ਚੌਹਾਨ ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 28 ਹੋਰ ਕੈਡਿਟ ਸਰਵਿਸ ਟਰੇਨਿੰਗ ਅਕਾਦਮੀਆਂ ਵਿੱਚ ਜੁਆਇਨ ਕਰਨ ਲਈ ਆਪਣੇ ਕਾਲ-ਅੱਪ ਲੈਟਰ ਉਡੀਕ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਇੰਸਟੀਚਿਊਟ ਦੇ ਤਿੰਨ ਕੈਡਿਟ ਇਸ ਸਮੇਂ ਐਨਡੀਏ, ਖੜਕਵਾਸਲਾ ਵਿਚ ਇੰਸਟਰੱਕਟਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ ਇਹ ਪ੍ਰਾਪਤੀਆਂ ਸੰਸਥਾ ਅਤੇ ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ।