ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ, 4 ਜੁਲਾਈ
ਸਿੱਖਿਆ ਵਿਭਾਗ ਵੱਲੋਂ ਹਰ ਵਰ੍ਹੇ ਅਧਿਆਪਕ ਦਿਵਸ ਮੌਕੇ ਦਿੱਤੇ ਜਾਂਦੇ ਅਧਿਆਪਕ ਰਾਜ ਪੁਰਸਕਾਰ, ਯੰਗ ਅਧਿਆਪਕ ਪੁਰਸਕਾਰ, ਪ੍ਰਬੰਧਕੀ ਪੁਰਸਕਾਰ ਅਤੇ ਵਿਸ਼ੇਸ਼ ਅਧਿਆਪਕ ਪੁਰਸਕਾਰ 2025 ਲਈ ਅਧਿਆਪਕਾਂ ਤੋਂ 17 ਜੁਲਾਈ ਤੱਕ ਨਾਮਜ਼ਦਗੀਆਂ ਹਾਸਿਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਦਾਇਤਾਂ ਅਨੁਸਾਰ ਪਿਛਲੇ ਸਾਲਾਂ ਦੀ ਤਰ੍ਹਾਂ ਕੋਈ ਵੀ ਅਧਿਆਪਕ/ਸਕੂਲ ਮੁਖੀ/ਪ੍ਰਬੰਧਕ ਖ਼ੁਦ ਪੁਰਸਕਾਰ ਲਈ ਅਪਲਾਈ ਨਹੀਂ ਕਰੇਗਾ। ਕਿਸੇ ਵੀ ਅਧਿਆਪਕ/ਸਕੂਲ ਮੁਖੀ/ ਪ੍ਰਬੰਧਕ ਦੀ ਪੁਰਸਕਾਰ ਲਈ ਕੋਈ ਵੀ ਦੂਸਰਾ ਅਧਿਆਪਕ/ ਸਕੂਲ ਮੁਖੀ/ ਇੰਚਾਰਜ ਨਾਮਜ਼ਦਗੀ ਭਰ ਸਕਦਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ /ਜ਼ਿਲ੍ਹਾ ਸਿੱਖਿਆ ਅਫ਼ਸਰ /ਸਹਾਇਕ ਡਾਇਰੈਕਟਰ/ ਡਿਪਟੀ ਡਾਇਰੈਕਟਰ/ ਡਾਇਰੈਕਟਰ ਜਨਰਲ ਸਕੂਲ ਸਿੱਖਿਆ/ ਸਿੱਖਿਆ ਸਕੱਤਰ ਵੱਲੋਂ ਕਿਸੇ ਵੀ ਅਧਿਆਪਕ/ ਸਕੂਲ ਮੁਖੀ/ ਪ੍ਰਬੰਧਕ ਦੀ ਪੁਰਸਕਾਰ ਲਈ ਨਾਮਜ਼ਦਗੀ ਕੀਤੀ ਜਾ ਸਕਦੀ ਹੈ। ਘੱਟੋ-ਘੱਟ 10 ਸਾਲ ਦੀ ਰੈਗੂਲਰ ਸਰਵਿਸ ਪੂਰੀ ਕਰਨ ਵਾਲੇ ਅਧਿਆਪਕ ਦਾ ਹੀ ਪੁਰਸਕਾਰ ਲਈ ਨਾਮ ਭੇਜਿਆ ਜਾ ਸਕਦਾ ਹੈ।
ਇੰਜ ਹੀ ਜੋ ਅਧਿਆਪਕ ਸਮੱਗਰਾ ਅਤੇ ਪਿਕਟਸ ਆਦਿ ਸੁਸਾਇਟੀਆਂ ਅਧੀਨ ਕੰਮ ਕਰਦੇ ਹਨ ਅਤੇ 10 ਸਾਲ ਦੀ ਰੈਗੂਲਰ ਸਰਵਿਸ ਹੈ, ਉਨ੍ਹਾਂ ਦੀ ਵੀ ਨਾਮਜ਼ਦਗੀ ਕੀਤੀ ਜਾ ਸਕਦੀ ਹੈ। ਵੈੱਬ ਪੋਰਟਲ ਰਾਹੀਂ ਪ੍ਰਾਪਤ ਹੋਈਆਂ ਸਾਰੀਆਂ ਨਾਮਜ਼ਦਗੀਆਂ ਐੱਮਆਈਐੱਸ ਵਿੰਗ ਵੱਲੋਂ ਸਬੰਧਿਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਭੇਜੀਆ ਜਾਣਗੀਆਂ । ਪੰਜ ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ’ਤੇ ਸੂਬਾ ਪੱਧਰ ਦੇ ਐਵਾਰਡ ਦਿੱਤੇ ਜਾਣਗੇ।