ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਦਾ ਉਪਰਾਲਾ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 10 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ‘ਨਵੀਂ ਪੀੜ੍ਹੀ ਦੀ ਸਿੱਖਿਆ ਲਈ ਸਿੱਖਿਆ ਢਾਂਚੇ ਬਾਰੇ ਮੁੜ ਵਿਚਾਰਾਂ’
ਵਿਸ਼ੇ ਤਹਿਤ ਖਾਸ ਸੈਸ਼ਨ ਕਰਵਾਇਆ ਗਿਆ। ਸੈਸ਼ਨ ’ਚ ਪੰਜਾਬ ਭਰ ਤੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਹਿਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਦੀਆਂ ਹੁਨਰ ਸਿੱਖਿਆ ਸੋਚਾਂ ਨੂੰ ਹਕੀਕਤ ਵਿੱਚ ਬਦਲਣ ਅਤੇ ਉਨ੍ਹਾਂ ਦੀ ਸੋਚ ਦੀ ਬੌਧਿਕ ਸੰਭਾਲ ’ਤੇ ਚਰਚਾ ਹੋਈ।
ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਖੁੱਲ੍ਹਾ ਸੰਵਾਦ ਰਚਾਉਂਦਿਆਂ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਬੋਰਡ ਅਜਿਹਾ ਸਿਸਟਮ ਬਣਾਉਣ ’ਚ ਜੁਟਿਆ ਹੋਇਆ ਹੈ, ਜਿੱਥੇ ਵਿਦਿਆਰਥੀ ਖੁੱਲ੍ਹੇ ਦਿਮਾਗ ਨਾਲ ਸੋਚ ਸਕਣ, ਆਪਣੀਆਂ ਨਵੀਆਂ ਖੋਜਾਂ ਕਰ ਸਕਣ ਅਤੇ ਆਪਣੀ ਰਚਨਾਤਮਕਤਾ ਦੀ ਕਾਨੂੰਨੀ ਸੁਰੱਖਿਆ ਲਈ ਸਿੱਖਿਆ ਬੋਰਡ ਦਾ ਸਹਿਯੋਗ ਲੈ ਸਕਣ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਤਹੱਈਆ ਕੀਤਾ ਗਿਆ ਹੈ ਕਿ ਸਿੱਖਿਆ ਸਿਰਫ਼ ਕਿਤਾਬਾਂ ਅਤੇ ਇਮਤਿਹਾਨਾਂ ਤੱਕ ਸੀਮਤ ਨਾ ਰਹੇ, ਸਗੋਂ ਵਿਦਿਆਰਥੀਆਂ ਨੂੰ ਰਚਨਾਤਮਕਤਾ, ਨਵੀਨਤਾ ਅਤੇ ਅਸਲ ਜੀਵਨ ਵਿੱਚ ਸਿੱਖਣ ਦੀ ਦਿਸ਼ਾ ਵਿੱਚ ਲੈ ਕੇ ਜਾਵੇ ਜਿਵੇਂ ਵਰਤਮਾਨ ਵਿੱਦਿਅਕ ਵਿਚਾਰਾਂ ਅਧੀਨ ਸਿੱਖਿਆ ਦੇ ਮੁਹਾਂਦਰੇ ਦੀ ਲੋੜ ਹੈ। ਇੰਟੈਲੇਕਚੁਅਲ ਪ੍ਰਾਪਰਟੀ ਰਾਈਟਸ (ਆਈਪੀਆਰ) ਦੇ ਮਾਹਿਰ ਡਾ. ਰੁਚੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਪਣੀਆਂ ਰਚਨਾਵਾਂ ਜਾਂ ਪ੍ਰਾਜੈਕਟਾਂ ਨੂੰ ਰਜਿਸਟਰ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਰਕਾਰੀ ਮਹਿਲਾ ਸੀਨੀਅਰ ਸੈਕੰਡਰੀ ਸਕੂਲ, ਧੂਰੀ ਦੇ ਵਿਦਿਅਰਥੀ ਮਿਯੰਕ ਸ਼ਰਮਾ ਵੱਲੋਂ ਏਆਈ ਪ੍ਰਾਜੈਕਟ ‘ਡਿਪ੍ਰੈਸ਼ਨ ਡਿਟੈਕਟਰ’ ਆਪਣੀ ਅਧਿਆਪਕਾ ਕਿਰਨ ਬਾਲਾ ਦੀ ਮਦਦ ਨਾਲ ਪੇਸ਼ ਕੀਤਾ ਗਿਆ, ਜੋ ਮਨੋਦਸ਼ਾ ਜਾਂ ਮਾਨਸਿਕ ਤਣਾਅ ਦੀ ਪਛਾਣ ਕਰਨ ਦੀ ਸਮਰੱਥਾ ਰੱਖਦਾ ਹੈ। ਮਯੰਕ ਨੇ ਦੱਸਿਆ ਕਿ ਉਸ ਨੇ ਸਿਰਫ਼ ਸ਼ੌਕ ਵਜੋਂ ਕੰਮ ਸ਼ੁਰੂ ਕੀਤਾ ਸੀ ਪਰ ਸਭ ਦੇ ਉਤਸ਼ਾਹ ਕਾਰਨ ਉਸ ਦੀ ਸੋਚ ਰਾਜ ਪੱਧਰ ’ਤੇ ਚਰਚਾ ਦਾ ਕੇਂਦਰ ਬਣ ਗਈ ਹੈ। ਇਸ ਮੌਕੇ ਬੋਰਡ ਵੱਲੋਂ ਐਲਾਨ ਕੀਤਾ ਗਿਆ ਕਿ ਸਕੂਲਾਂ ਵਿੱਚ ਹੋਰ ਅਟਲ ਟਿੰਕਰਿੰਗ ਪ੍ਰਯੋਗਸ਼ਾਲਾਵਾਂ ਖੋਲ੍ਹੀਆਂ ਜਾਣਗੀਆਂ ਤਾਂ ਜੋ ਵੱਡੇ ਪੱਧਰ ’ਤੇ ਵਿਦਿਆਰਥੀਆਂ ਨੂੰ ਰਚਨਾਤਮਕ ਬਣ ਸਕਣ ਦਾ ਹੁਲਾਰਾ ਦਿੱਤਾ ਜਾ ਸਕੇ। ਐੱਸਸੀਈਆਰਟੀ ਦੀ ਵਿਗਿਆਨ ਮਾਹਿਰ ਡਾ. ਰਮਿੰਦਰਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸਲਝਾਉਣ ਦੀ ਯੋਗਤਾ ਅਤੇ ਸੂਝ ਨੂੰ ਵਿਕਸਤ ਕਰਨ ਲਈ ਨਵੇਂ ਤਰੀਕੇ ਅਪਣਾਏ ਜਾਣਗੇ। ਚੇਅਰਮੈਨ ਵੱਲੋਂ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।