aਚਰਨਜੀਤ ਭੁੱਲਰ
ਚੰਡੀਗੜ੍ਹ, 24 ਜੂਨ
ਐਤਕੀਂ ਪੰਜਾਬ ’ਚ ਝੋਨੇ ਦੀ ਅਗੇਤੀ ਲੁਆਈ ਨੇ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ ਅਤੇ ਹੁਣ ਤੱਕ ਕਰੀਬ 50 ਫ਼ੀਸਦੀ ਝੋਨਾ ਲੱਗ ਚੁੱਕਿਆ ਹੈ। ਪੰਜਾਬ ਸਰਕਾਰ ਨੇ ਇਸ ਵਾਰ ਪਹਿਲੀ ਜੂਨ ਤੋਂ ਝੋਨੇ ਦੀ ਲੁਆਈ ਦਾ ਫ਼ੈਸਲਾ ਕੀਤਾ ਸੀ। ਪੰਜਾਬ ’ਚ ਹੁਣ ਤੱਕ 15.24 ਲੱਖ ਹੈਕਟੇਅਰ ਵਿੱਚ ਝੋਨੇ ਦੀ ਲੁਆਈ ਹੋ ਚੁੱਕੀ ਹੈ, ਜਦਕਿ ਪਿਛਲੇ ਵਰ੍ਹੇ ਅੱਜ ਦੇ ਦਿਨ ਤੱਕ 7.47 ਲੱਖ ਹੈਕਟੇਅਰ ਰਕਬੇ ਵਿੱਚ ਝੋਨਾ ਲੱਗਿਆ ਸੀ। ਪਿਛਲੇ ਸਾਲ ਨਾਲੋਂ ਇਸ ਵੇਲੇ ਤੱਕ ਦੁੱਗਣੇ ਰਕਬੇ ਵਿੱਚ ਝੋਨਾ ਲੱਗ ਚੁੱਕਾ ਹੈ। ਪਿਛਲੇ ਸਾਲ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਹੋਈ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲ 2022 ਵਿੱਚ ਝੋਨੇ ਦੀ ਲੁਆਈ ਵਾਸਤੇ ਪੰਜਾਬ ਨੂੰ ਚਾਰ ਜ਼ੋਨਾਂ ਵਿੱਚ ਵੰਡ ਕੇ ਨਵਾਂ ਤਜਰਬਾ ਕੀਤਾ ਸੀ ਅਤੇ ਉਸ ਵਰ੍ਹੇ ਮਾਝੇ ਤੇ ਦੁਆਬੇ ’ਚ 14 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਈ ਸੀ। ਇਸ ਵਾਰ ਪੰਜਾਬ ਸਰਕਾਰ ਨੇ ਪਰਾਲੀ ਪ੍ਰਬੰਧਨ ਲਈ ਢੁਕਵਾਂ ਸਮਾਂ ਦੇਣ ਦੇ ਹਵਾਲੇ ਨਾਲ ਪਹਿਲੀ ਜੂਨ ਤੋਂ ਝੋਨੇ ਦੀ ਲੁਆਈ ਨੂੰ ਹਰੀ ਝੰਡੀ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਸਾਲ 2018 ਵਿੱਚ ਝੋਨੇ ਦੀ ਲੁਆਈ 20 ਜੂਨ ਤੋਂ ਸ਼ੁਰੂ ਹੁੰਦੀ ਰਹੀ ਹੈ, ਜਦਕਿ ਸਾਲ 2021 ਵਿੱਚ 13 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਈ ਸੀ।
ਐਤਕੀਂ ਬਠਿੰਡਾ ਜ਼ਿਲ੍ਹਾ ਇਸ ਮਾਮਲੇ ’ਚ ਸਭ ਤੋਂ ਅੱਗੇ ਹੈ, ਜਿੱਥੇ 1.37 ਲੱਖ ਹੈਕਟੇਅਰ ਵਿੱਚ ਝੋਨੇ ਦੀ ਲੁਆਈ ਹੋ ਚੁੱਕੀ ਹੈ। ਪਿਛਲੇ ਵਰ੍ਹੇ ਇਸ ਸਮੇਂ ਤੱਕ ਬਠਿੰਡਾ ਜ਼ਿਲ੍ਹੇ ’ਚ 25 ਹਜ਼ਾਰ ਹੈਕਟੇਅਰ ਰਕਬੇ ’ਚ ਹੀ ਝੋਨਾ ਲੱਗਿਆ ਸੀ। ਫ਼ਿਰੋਜ਼ਪੁਰ ’ਚ ਪਿਛਲੇ ਸਾਲ ਦੇ 62 ਹਜ਼ਾਰ ਹੈਕਟੇਅਰ ਦੇ ਮੁਕਾਬਲੇ ਹੁਣ ਤੱਕ 1.33 ਲੱਖ ਹੈਕਟੇਅਰ ਰਕਬੇ ਵਿੱਚ ਝੋਨਾ ਲੱਗ ਚੁੱਕਾ ਹੈ, ਜਦਕਿ ਪਟਿਆਲਾ ਵਿੱਚ 53 ਹਜ਼ਾਰ ਹੈਕਟੇਅਰ ਦੇ ਮੁਕਾਬਲੇ 1.21 ਲੱਖ ਹੈਕਟੇਅਰ ਵਿੱਚ ਝੋਨਾ ਲੱਗ ਚੁੱਕਿਆ ਹੈ। ਆਮ ਤੌਰ ’ਤੇ ਝੋਨੇ ਹੇਠ ਰਕਬੇ ਦਾ ਟੀਚਾ 32 ਲੱਖ ਹੈਕਟੇਅਰ ਦਾ ਰਿਹਾ ਹੈ ਪਰ ਇਸ ਵਾਰ ਡੇਢ ਲੱਖ ਹੈਕਟੇਅਰ ਰਕਬੇ ਨੂੰ ਮੱਕੀ ਤੇ ਨਰਮੇ ਹੇਠ ਲਿਆਉਣ ਦੀ ਯੋਜਨਾ ਹੈ।
ਜ਼ਮੀਨੀ ਪਾਣੀ ਬਚਾਉਣ ਲਈ ਪੰਜਾਬ ਸਰਕਾਰ ਨੇ ‘ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੌਇਲ ਵਾਟਰ ਐਕਟ 2009’ ਤਹਿਤ ਝੋਨੇ ਦੀ ਲੁਆਈ 20 ਜੂਨ ਤੋਂ ਬਾਅਦ ਕਰਨ ਦਾ ਫ਼ੈਸਲਾ ਲਿਆ ਸੀ ਪਰ ਬਾਅਦ ਵਿੱਚ ਸਮੇਂ-ਸਮੇਂ ’ਤੇ ਕਿਸਾਨਾਂ ਦੇ ਦਬਾਅ ਮਗਰੋਂ ਝੋਨੇ ਦੀ ਲੁਆਈ ਦੀ ਤਰੀਕ ਵਿੱਚ ਅਦਲਾ-ਬਦਲੀ ਹੁੰਦੀ ਰਹੀ। ਵੇਰਵਿਆਂ ਅਨੁਸਾਰ ਆਮ ਝੋਨੇ ਦੀ ਲੁਆਈ ਦਾ ਕੰਮ ਜੂਨ ਵਿੱਚ ਹੀ ਖ਼ਤਮ ਹੋ ਜਾਣਾ ਹੈ, ਜਿਸ ਤਹਿਤ 24 ਲੱਖ ਹੈਕਟੇਅਰ ਰਕਬਾ ਝੋਨੇ ਹੇਠ ਆਉਣ ਦਾ ਅਨੁਮਾਨ ਹੈ।
ਪੰਜਾਬ ਵਿੱਚ 20 ਜੂਨ ਤੋਂ ਝੋਨੇ ਦੀਆਂ ਲੇਟ ਕਿਸਮਾਂ ਦੀ ਲੁਆਈ ਸ਼ੁਰੂ ਹੋ ਜਾਣੀ ਹੈ ਅਤੇ ਪਹਿਲੀ ਜੁਲਾਈ ਤੋਂ ਬਾਸਮਤੀ ਲੱਗਣੀ ਸ਼ੁਰੂ ਹੋਵੇਗੀ। ਸਮੁੱਚੀ ਲੁਆਈ ਦਾ ਕੰਮ 15 ਜੁਲਾਈ ਤੱਕ ਸਮਾਪਤ ਹੋਣ ਦਾ ਅਨੁਮਾਨ ਹੈ। ਖੇਤੀ ਮਾਹਿਰਾਂ ਅਨੁਸਾਰ ਅਗੇਤੀ ਲੁਆਈ ਨਾਲ ਜ਼ਮੀਨੀ ਪਾਣੀ ਦੀ ਦੁਰਵਰਤੋਂ ਅਤੇ ਬਿਜਲੀ ਦੀ ਖਪਤ ਵਿੱਚ ਵਾਧਾ ਹੋ ਸਕਦਾ ਹੈ।
ਅਗੇਤੀ ਲੁਆਈ ਦਾ ਨਵਾਂ ਤਜਰਬਾ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਝੋਨੇ ਦੀ ਅਗੇਤੀ ਲੁਆਈ ਹੋਣ ਕਰਕੇ ਐਤਕੀਂ ਝੋਨੇ ਦੀ ਫ਼ਸਲ 20 ਸਤੰਬਰ ਤੱਕ ਆਉਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਨਵਾਂ ਤਜਰਬਾ ਕੀਤਾ ਗਿਆ ਹੈ ਕਿਉਂਕਿ ਜਲਦੀ ਫ਼ਸਲ ਆਉਣ ਮੌਕੇ ਨਮੀ ਘੱਟ ਹੁੰਦੀ ਹੈ ਅਤੇ ਪਰਾਲੀ ਪ੍ਰਬੰਧਨ ਵਿੱਚ ਵੀ ਕੋਈ ਮੁਸ਼ਕਲ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੀ ਲੁਆਈ ਚੱਲ ਰਹੀ ਹੈ ਅਤੇ ਕਿਤੇ ਵੀ ਬਿਜਲੀ ਤੇ ਪਾਣੀ ਦੀ ਕੋਈ ਕਮੀ ਨਹੀਂ ਹੈ।
ਪਹਿਲਾਂ ਆਏਗੀ ਝੋਨੇ ਦੀ ਫ਼ਸਲ : ਡਾਇਰੈਕਟਰ
ਖੇਤੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਐਤਕੀਂ ਝੋਨੇ ਦੀ ਲੁਆਈ ਪਹਿਲੀ ਜੂਨ ਤੋਂ ਹੋਣ ਕਰਕੇ ਝੋਨਾ ਅਗੇਤਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਸਲ ਵੀ ਇਸ ਵਾਰ 10 ਤੋਂ 15 ਦਿਨ ਪਹਿਲਾਂ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਪਰਾਲੀ ਪ੍ਰਬੰਧਨ ਲਈ ਢੁਕਵਾਂ ਸਮਾਂ ਵੀ ਮਿਲ ਜਾਣਾ ਹੈ। ਇਸ ਵੇਲੇ ਝੋਨੇ ਦੀਆਂ ਮੀਡੀਅਮ ਕਿਸਮਾਂ ਦੀ ਲੁਆਈ ਚੱਲ ਰਹੀ ਹੈ।