DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਸ਼ਕਲਾਂ ਤੋਂ ਨਹੀਂ ਮੰਨਣੀ ਹਾਰ, ਕੰਡਿਆਂ ’ਤੇ ਚੱਲ ਮਿਲੂ ਬਹਾਰ

ਉਚੇਰੀ ਸਿੱਖਿਆ ਲਈ ਧੀਆਂ ਝੋਨਾ ਲਾਉਣ ਲਈ ਮਜਬੂਰ ;ਜੇਈਈ ਐਡਵਾਂਸਡ ’ਚ ਸਫਲ ਬੱਚੇ ਫੀਸਾਂ ਦੇ ਇੰਤਜ਼ਾਮ ’ਚ ਜੁਟੇ
  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 5 ਜੂਨ

Advertisement

ਬਠਿੰਡਾ ਜ਼ਿਲ੍ਹੇ ਦੇ ਪਿੰਡ ਫੂਲੇਵਾਲਾ ਦੀ ਪ੍ਰਭਜੋਤ ਕੌਰ ਲਈ ਮੰਜ਼ਲ ਹਾਲੇ ਦੂਰ ਹੈ। ਪੜ੍ਹਾਈ ਦੀ ਦੌੜ ’ਚ ਉਹ ਅੱਵਲ ਰਹੀ ਹੈ ਪਰ ਅੱਗੇ ਗ਼ੁਰਬਤ ਅੜਿੱਕਾ ਬਣ ਖੜ੍ਹ ਗਈ ਹੈ। ਹੋਣਹਾਰ ਲੜਕੀ ਪ੍ਰਭਜੋਤ ਕੌਰ ਇਨ੍ਹਾਂ ਦਿਨਾਂ ’ਚ ਆਪਣੀ ਉਚੇਰੀ ਪੜ੍ਹਾਈ ਲਈ ਖੇਤਾਂ ’ਚ ਝੋਨਾ ਲਗਾ ਰਹੀ ਹੈ। ਜੇਈਈ ਐਡਵਾਂਸਡ ’ਚ ਸਫਲ ਰਹੀ ਇਹ ਲੜਕੀ ਹੁਣ ਆਈਆਈਟੀ ’ਚ ਦਾਖ਼ਲੇ ਲਈ ਫ਼ੀਸਾਂ ਦਾ ਇੰਤਜ਼ਾਮ ਕਰਨ ਵਿੱਚ ਜੁਟ ਗਈ ਹੈ। ਉਸ ਦੇ ਪਰਿਵਾਰ ਨੇ 50 ਏਕੜ ਝੋਨੇ ਦੀ ਲੁਆਈ ਦੀ ਸਾਈ ਫੜੀ ਹੋਈ ਹੈ ਅਤੇ ਪ੍ਰਭਜੋਤ ਆਖਦੀ ਹੈ ਕਿ ਕੌਂਸਲਿੰਗ ਦੀ 15 ਹਜ਼ਾਰ ਦੀ ਫ਼ੀਸ ਉਸ ਲਈ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੈ।

ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੀ ਇਸ ਲੜਕੀ ਨੇ ਬਾਰ੍ਹਵੀਂ ’ਚੋਂ 93 ਫ਼ੀਸਦੀ ਅੰਕ ਹਾਸਲ ਕੀਤੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਲੜਕੀ ਨੂੰ ਸ਼ਾਬਾਸ਼ ਦਿੱਤੀ ਹੈ ਅਤੇ ਸਨਮਾਨ ਵੀ ਦਿੱਤਾ ਹੈ। ਉਸ ਲਈ ਅਸਲ ਸੰਕਟ ਉਚੇਰੀ ਸਿੱਖਿਆ ਵਾਸਤੇ ਫ਼ੀਸਾਂ ਦੇ ਪ੍ਰਬੰਧ ਦਾ ਹੈ। ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦੇ 19 ਬੱਚਿਆਂ ਨੇ ਜੇਈਈ ਐਡਵਾਂਸਡ ਦੀ ਪ੍ਰੀਖਿਆ ’ਚ ਮੱਲ ਮਾਰੀ ਹੈ। ਇਨ੍ਹਾਂ ’ਚੋਂ ਬਹੁਤੇ ਬੱਚਿਆਂ ਦਾ ਸਿਰਨਾਵਾਂ ‘ਕੰਮੀਆਂ ਦਾ ਵਿਹੜਾ’ ਹੈ। ਪਠਾਨਕੋਟ ਜ਼ਿਲ੍ਹੇ ਦੇ ਪਿੰਡ ਥਰਿਆਲ ਦਾ ਗਗਨਦੀਪ ਸਿੰਘ ਆਈਆਈਟੀ ’ਚ ਪੜ੍ਹਨਾ ਲੋਚਦਾ ਹੈ ਅਤੇ ਉਸ ਨੇ ਉਪਰੋਕਤ ਪ੍ਰੀਖਿਆ ਵੀ ਪਾਸ ਕਰ ਲਈ ਹੈ।

ਗਗਨਦੀਪ ਦਾ ਪਿਤਾ ਸ਼ਸ਼ੀ ਪਾਲ ਬਿਜਲੀ ਦਾ ਕੰਮ ਕਰਦਾ ਹੈ। ਮੈਰੀਟੋਰੀਅਸ ਸਕੂਲ ਮੁਹਾਲੀ ਦਾ ਵਿਦਿਆਰਥੀ ਗਗਨਦੀਪ ਆਖਦਾ ਹੈ ਕਿ ਉਹ ਛੁੱਟੀਆਂ ’ਚ ਪਿਤਾ ਨਾਲ ਦਿਹਾੜੀ ’ਤੇ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਮਨ ਤਾਂ ਅੰਬਰਾਂ ਦੀ ਉਡਾਣ ਭਰਨਾ ਚਾਹੁੰਦਾ ਹੈ ਪਰ ਘਰੇਲੂ ਹਾਲਾਤ ਇਜਾਜ਼ਤ ਨਹੀਂ ਦਿੰਦੇ। ਉਸ ਅਨੁਸਾਰ ਫ਼ੀਸਾਂ ਤੇ ਹੋਸਟਲ ਦੇ ਖ਼ਰਚੇ ਦਾ ਇੰਤਜ਼ਾਮ ਨਾ ਹੋਇਆ ਤਾਂ ਕਿਸੇ ਲੋਕਲ ਕਾਲਜ ਵਿੱਚ ਹੀ ਦਾਖਲਾ ਲੈਣਾ ਪਵੇਗਾ। ਉਸ ਕੋਲ ਏਨੀ ਪਹੁੰਚ ਨਹੀਂ ਕਿ ਉਚੇਰੀ ਸਿੱਖਿਆ ਲਈ ਵੱਡੇ ਅਦਾਰੇ ’ਚ ਪੈਰ ਪਾ ਸਕੇ।

ਇਨ੍ਹਾਂ ਬੱਚਿਆਂ ਦਾ ਕਹਿਣਾ ਹੈ ਕਿ ਜੇ ਮੈਰੀਟੋਰੀਅਸ ਸਕੂਲ ਨਾ ਹੁੰਦੇ ਤਾਂ ਉਨ੍ਹਾਂ ਕੋਲ 12 ਜਮਾਤਾਂ ਤੱਕ ਪੜ੍ਹਨ ਦੀ ਵੀ ਪਹੁੰਚ ਨਹੀਂ ਸੀ। ਪਿਤਾ ਸ਼ਸ਼ੀ ਪਾਲ ਕਦੇ ਹੋਣਹਾਰ ਪੁੱਤਰ ਦੇ ਸੁਪਨਿਆਂ ਨੂੰ ਮਹਿਸੂਸ ਕਰਦਾ ਹੈ ਅਤੇ ਕਦੇ ਘਰ ਦੀ ਬੇਵੱਸੀ ਵੱਲ ਦੇਖਦਾ ਹੈ। ਦੂਸਰੇ ਪਾਸੇ ਸਰਦੇ-ਪੁੱਜਦੇ ਘਰਾਂ ਦੇ ਬੱਚੇ ਹਨ, ਜੋ ਮਹਿੰਗੀ ਕੋਚਿੰਗ ਵੀ ਲੈਂਦੇ ਹਨ ਅਤੇ ਸਭ ਸੁੱਖ ਸਹੂਲਤਾਂ ਉਨ੍ਹਾਂ ਦੀ ਉਚੇਰੀ ਸਿੱਖਿਆ ਦੇ ਰਾਹ ਨੂੰ ਵੀ ਮੋਕਲਾ ਕਰਦੀਆਂ ਹਨ। ਇੱਕ ਪਾਸੇ ਗ਼ੁਰਬਤ ਦੀ ਦੇਹਲੀ ’ਤੇ ਖੜ੍ਹੇ ਇਹ ਵਿਦਿਆਰਥੀ ਹਨ, ਜੋ ਹੋਣਹਾਰ ਹਨ ਪਰ ਗ਼ਰੀਬੀ ਪੈਰ-ਪੈਰ ’ਤੇ ਟੱਕਰ ਰਹੀ ਹੈ।

ਰਾਮਪੁਰਾ ਫੂਲ ਇਲਾਕੇ ਦੇ ਪਿੰਡ ਸੇਲਬਰਾਹ ਦਾ ਮਜ਼ਦੂਰ ਬੇਅੰਤ ਸਿੰਘ ਕਈ ਦਿਨਾਂ ਤੋਂ ਬੈਂਕਾਂ ਦੇ ਚੱਕਰ ਕੱਟ ਰਿਹਾ ਹੈ। ਉਸ ਦੀ ਲੜਕੀ ਸੁਖਦੀਪ ਕੌਰ ਨੇ ਜੇਈਈ ਐਡਵਾਂਸਡ ’ਚ ਕਾਮਯਾਬੀ ਹਾਸਲ ਕੀਤੀ ਹੈ। ਬੇਅੰਤ ਸਿੰਘ ਆਖਦਾ ਹੈ ਕਿ ਛੁੱਟੀਆਂ ’ਚ ਤਾਂ ਬੱਚੇ ਵੀ ਨਾਲ ਝੋਨੇ ਲਾਉਣ ਜਾਂਦੇ ਰਹੇ ਹਨ ਅਤੇ ਹੁਣ ਉਹ ਸੁਖਦੀਪ ਦੀ ਉਚੇਰੀ ਪੜ੍ਹਾਈ ਲਈ ਲੋਨ ਦਾ ਪ੍ਰਬੰਧ ਕਰ ਰਿਹਾ ਹੈ। ਜਲੰਧਰ ਦੇ ਮੈਰੀਟੋਰੀਅਸ ਸਕੂਲ ’ਚ ਬਾਰ੍ਹਵੀਂ ਪਾਸ ਕਰਨ ਵਾਲਾ ਵਿਦਿਆਰਥੀ ਗੁਰਨੂਰ ਸਿੰਘ ਵੀ ਇਨ੍ਹਾਂ ਦਿਨਾਂ ਵਿੱਚ ਫ਼ੀਸਾਂ ਦੇ ਪ੍ਰਬੰਧ ਵਿੱਚ ਜੁਟਿਆ ਹੋਇਆ ਹੈ। ਉਸ ਦਾ ਪਿਤਾ ਮਜ਼ਦੂਰੀ ਕਰਦਾ ਹੈ ਅਤੇ ਗੁਰਨੂਰ ਦੇ ਗ਼ਰੀਬੀ ਕੰਡੇ ਵਾਂਗ ਚੁਭ ਰਹੀ ਹੈ।

ਉਸ ਦਾ ਕਹਿਣਾ ਹੈ ਕਿ ਕਿਤੋਂ ਸਕਾਲਰਸ਼ਿਪ ਮਿਲ ਵੀ ਗਈ ਤਾਂ ਹੋਸਟਲ ਦਾ ਖਰਚਾ ਕਿਥੋਂ ਚੁੱਕੇਗਾ। ਬਰਨਾਲਾ ਦੇ ਪਿੰਡ ਸ਼ੇਖ਼ਾ ਦਾ ਹਰਕਿਰਨ ਆਪਣੇ ਪਿਤਾ ਦੀ ਡੇਢ ਏਕੜ ਖੇਤੀ ਵਿੱਚ ਹੱਥ ਵਟਾਉਂਦਾ ਹੈ। ਉਸ ਲਈ ਵੀ ਵੱਡਾ ਸੰਕਟ ਫ਼ੀਸ ਦਾ ਹੈ। ਮੁਕਤਸਰ ਦੇ ਪਿੰਡ ਰੱਥੜੀਆਂ ਦੇ ਜਸਪ੍ਰੀਤ ਸਿੰਘ ਦਾ ਪਿਤਾ ਮਨਰੇਗਾ ’ਚ ਦਿਹਾੜੀ ਕਰਦਾ ਹੈ ਅਤੇ ਜਸਪ੍ਰੀਤ ਖ਼ੁਦ ਹੁਣ ਆਰਜ਼ੀ ਰੁਜ਼ਗਾਰ ਦੀ ਤਲਾਸ਼ ਵਿੱਚ ਹੈ। ਹੁਣ ਜਸਪ੍ਰੀਤ ਬੀਟੈੱਕ ਕਰਨਾ ਚਾਹੁੰਦਾ ਹੈ ਪਰ ਫ਼ੀਸ ਭਰਨ ਲਈ ਪੈਸੇ ਨਹੀਂ ਹਨ। ਇਸ ਦੇ ਘਰ ਵਿੱਚ ਇੱਕ ਕਮਰਾ ਅਤੇ ਇੱਕ ਬੈਠਕ ਹੈ।

Advertisement
×