ਮੁਹਾਲੀ ਤੋਂ ਚੱਲ ਰਹੇ ਸਾਈਬਰ ਅਪਰਾਧ ਦਾ ਪਰਦਾਫਾਸ਼
ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਜੂਨ
ਸੰਗਰੂਰ ਜ਼ਿਲ੍ਹਾ ਪੁਲੀਸ ਨੇ ਮੁਹਾਲੀ ਅਪਰੇਟ ਹੋ ਰਹੇ ਸਾਈਬਰ ਕਰਾਈਮ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਅਨੁਸਾਰ ਗਰੋਹ ਦੇ ਮੈਂਬਰ ‘ਫੇਕ ਟਰੇਡਿੰਗ ਪਲੇਟਫਾਰਮ’ ਜ਼ਰੀਏ ਠੱਗੀ ਮਾਰਦੇ ਸਨ ਅਤੇ ਹੁਣ ਤੱਕ ਕਰੀਬ 17 ਲੱਖ 93 ਹਜ਼ਾਰ ਰੁਪਏ ਦੀ ਠੱਗੀ ਮਾਰ ਚੁੱਕੇ ਹਨ। ਪੁਲੀਸ ਵੱਲੋਂ ਗਰੋਹ ਦੇ 10 ਮੈਂਬਰਾਂ ਨੂੰ ਵੱਖ-ਵੱਖ ਰਾਜਾਂ ਰਾਜਸਥਾਨ, ਬਿਹਾਰ, ਗੁਜਰਾਤ, ਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇੱਥੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਪਤਾਨ ਪੁਲੀਸ ਦਿਲਪ੍ਰੀਤ ਸਿੰਘ ਆਈਪੀਐਸ ਨੇ ਦੱਸਿਆ ਕਿ ਥਾਣਾ ਸਾਈਬਰ ਕਰਾਈਮ ਸੰਗਰੂਰ ਨੇ ਕਰਨਵੀਰ ਕਾਂਸਲ ਵਾਸੀ ਸੁਨਾਮ ਜ਼ਿਲ੍ਹਾ ਸੰਗਰੂਰ ਨਾਲ ਫੇਕ ਟਰੇਡਿੰਗ ਪਲੇਟਫਾਰਮ ਰਾਹੀਂ ਕਰੀਬ 17 ਲੱਖ 93 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਮੁਹਾਲੀ ਦੇ ਗਰੋਹ ਦੇ 10 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਗਰੋਹ ਦੇ ਮੈਂਬਰਾਂ ਵੱਲੋਂ ਕਰਨਵੀਰ ਬਾਂਸਲ ਨਾਲ ਵਟਸਐਪ ਗਰੁੱਪ ਜ਼ਰੀਏ ਸੰਪਰਕ ਕਰਕੇ ਸ਼ੇਅਰ ਮਾਰਕੀਟ ਵਿੱਚ ਇਨਵੈਸਟ ਕਰਾਉਣ ਲਈ ਭਰੋਸੇ ਵਿਚ ਲਿਆ ਗਿਆ ਅਤੇ ਫ਼ਿਰ ਜਨਵਰੀ ਤੋਂ ਫਰਵਰੀ-2025 ਤੱਕ ਲਗਾਤਾਰ ਮੁਦਈ ਕੋਲੋਂ ਪੈਸਾ ਕਿਸ਼ਤਾਂ ਵਿੱਚ ਵੱਖ-ਵੱਖ ਬੈਂਕ ਖਾਤਿਆਂ ਵਿਚ ਪਵਾਇਆ ਗਿਆ। ਇਸ ਸਬੰਧੀ ਕੇਸ ਦਰਜ ਕਰਨ ਮਗਰੋਂ ਮੁੱਖ ਅਫ਼ਸਰ ਥਾਣਾ ਸਾਈਬਰ ਕਰਾਈਮ ਸੰਗਰੂਰ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਅੰਮ੍ਰਿਤਪਾਲ ਸਿੰਘ ਨੇ ਸਣੇ ਪੁਲੀਸ ਪਾਰਟੀ ਦੇ ਕਾਰਵਾਈ ਕਰਦੇ ਹੋਏ ਸ੍ਰੀਗੰਗਾਨਗਰ, ਅਬੋਹਰ ਅਤੇ ਮੁਹਾਲੀ ਵਿੱਚ ਛਾਪੇ ਮਾਰੇ ਤੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਸ੍ਰੀਗੰਗਾਨਗਰ ਰਾਜਸਥਾਨ, ਇੱਕ ਅਬੋਹਰ ਜ਼ਿਲ੍ਹਾ ਫਾਜ਼ਿਲਕਾ, ਇੱਕ ਜਨੇਜਾ ਲੁਧਿਆਣਾ, ਇੱਕ ਪਟਨਾ ਬਿਹਾਰ, ਦੋ ਗੁਜਰਾਤ, ਤਿੰਨ ਉਤਰ ਪ੍ਰਦੇਸ਼ ਅਤੇ ਇੱਕ ਮੁਲਜ਼ਮ ਫਰੀਦਾਬਾਦ ਹਰਿਆਣਾ ਤੋਂ ਹਨ। ਮੁਲਜ਼ਮਾਂ ਕੋਲੋਂ 17 ਮੋਬਾਈਲ ਫੋਨ, 6 ਵੱਖ-ਵੱਖ ਖਾਤਿਆਂ ਦੀਆਂ ਚੈਕ ਬੁੱਕਾਂ, 5 ਏਟੀਐੱਮ ਕਾਰਡ ਅਤੇ ਪਾਸਪੋਰਟ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਈਬਰ ਕਰਾਈਮ ਰੈਕੇਟ ਮੁਹਾਲੀ ਤੋਂ ਅਪਰੇਟ ਹੋ ਰਿਹਾ ਸੀ।