ਸੱਭਿਆਚਾਰ ਸਦਕਾ ਪੰਜਾਬੀਆਂ ਦੀ ਵਿਲੱਖਣ ਪਛਾਣ ਕਾਇਮ ਹੋਈ: ਸੰਧਵਾਂ
ਕਮਲਜੀਤ ਕੌਰ/ਬਲਵਿੰਦਰ ਸਿੰਘ ਹਾਲੀ
ਫ਼ਰੀਦਕੋਟ/ਕੋਟਕਪੂਰਾ, 13 ਜੁਲਾਈ
ਪੰਜਾਬ ਵਿਰਾਸਤ ਭੰਗੜਾ ਅਕੈਡਮੀ ਵੱਲੋਂ ਕੋਟਕਪੂਰਾ ਦੇ ਮਿਉਂਸਿਪਲ ਪਾਰਕ ਵਿੱਚ ਕਰਵਾਏ ਪੰਜਵੇਂ ਸੂਬਾ ਪੱਧਰੀ ਭੰਗੜਾ ਅਤੇ ਗਿੱਧਾ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਅਤੇ ਆਪਣਾ ਪੰਜਾਬ ਭੰਗੜਾ ਅਕੈਡਮੀ ਕੋਟਕਪੂਰਾ ਦੇ ਸਾਂਝੇ ਉਪਰਾਲੇ ਨਾਲ ਇੱਥੋਂ ਦੇ ਲਾਲਾ ਲਾਜਪਤ ਰਾਏ ਮਿਉਂਸਿਪਲ ਪਾਰਕ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੱਚਿਆਂ ਅਤੇ ਨੌਜਵਾਨਾਂ ਨਾਲ ਰਲ ਕੇ ਭੰਗੜਾ ਪਾਇਆ।
ਇਸ ਦੌਰਾਨ ਸਪੀਕਰ ਸ੍ਰੀ ਸੰਧਵਾਂ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ, ਭੰਗੜਾ, ਗਿੱਧਾ ਪੰਜਾਬੀਆਂ ਦੀ ਅਮੀਰ ਵਿਰਾਸਤ ਹੈ ਅਤੇ ਅੱਜ ਇਸ ਵਿਰਸੇ ਨੂੰ ਸਾਂਭਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਡੇ ਲੋਕ-ਨਾਚਾਂ, ਗਿੱਧੇ ਤੇ ਭੰਗੜੇ ਦੀ ਬਦੌਲਤ ਨਾ ਕੇਵਲ ਭਾਰਤ ਵਿੱਚ ਸਗੋਂ ਵਿਸ਼ਵ ਦੇ ਜਿਨ੍ਹਾਂ ਦੇਸ਼ਾਂ ਵਿੱਚ ਵੀ ਪੰਜਾਬੀ ਗਏ ਹਨ, ਉੱਥੇ ਸੱਭਿਆਚਾਰ ਸਦਕਾ ਹੀ ਪੰਜਾਬੀਆਂ ਦੀ ਵਿਲੱਖਣ ਪਛਾਣ ਕਾਇਮ ਹੋਈ ਹੈ। ਸਪੀਕਰ ਸੰਧਵਾਂ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਅਕੈਡਮੀ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣੇ ਬਹੁਤ ਜ਼ਰੂਰੀ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾ ਸਕੇ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਲਈ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ, ਜੋ ਨੌਜਵਾਨਾਂ ਵਿੱਚ ਇੱਕ ਨਵਾਂ ਜੋਸ਼ ਭਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਸਾਂਭਣ ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣੇ ਚਾਹੀਦੇ ਹਨ। ਇਸ ਮੌਕੇ ਰਣਜੋਤ ਪ੍ਰੀਤ ਸਿੰਘ, ਹਰਦੀਪ ਕੌਰ, ਡਾ. ਜਸਵਿੰਦਰ ਪਾਲ ਕੌਰ ਨੇ ਮੁਕਾਬਲਿਆਂ ਦੇ ਨਤੀਜੇ ਐਲਾਨਣ ਲਈ ਜੱਜਾਂ ਦੀ ਭੂਮਿਕਾ ਨਿਭਾਈ। ਮੰਚ ਸੰਚਾਲਨ ਦੀ ਭੂਮਿਕਾ ਜਸਬੀਰ ਜੱਸੀ ਵੱਲੋਂ ਨਿਭਾਈ ਗਈ। ਇਸ ਸਮੇਂ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਕਲਾਸਾਂ ਦੇ ਪ੍ਰਬੰਧਕ ਗੁਰਿੰਦਰ ਸਿੰਘ ਕੋਟਕਪੂਰਾ, ਭੰਗੜਾ ਕੋਚ ਦਿਲਪ੍ਰੀਤ ਬੱਬੂ ਅਤੇ ਗਿੱਧਾ ਕੋਚ ਸ਼ਾਲੂ ਨੇ ਸਪੀਕਰ ਸੰਧਵਾਂ ਦਾ ਸਵਾਗਤ ਕੀਤਾ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਅਮਨਦੀਪ ਬਾਬਾ, ਡੀਆਈਜੀ ਬੀਐੱਸਐੱਫ ਬ੍ਰਿਗੇਡੀਅਰ ਜੀਐੱਸ ਚੀਮਾ, ਡਾ. ਦਾਨਿਸ਼ ਜਿੰਦਲ, ਸੁਖਬੀਰ ਸਿੰਘ ਸਚਦੇਵਾ, ਡਾ. ਰੂਬਲ ਬਰਾੜ ਆਦਿ ਹਾਜ਼ਰ ਸਨ।