ਸੈਦੋਕੇ ਅਤੇ ਤਲਵੰਡੀ ਵਾਸੀਆਂ ’ਚ ਬਿਜਲੀ ਸਪਲਾਈ ਤੋਂ ਟਕਰਾਅ
ਮਹਿੰਦਰ ਸਿੰਘ ਰੱਤੀਆਂ/ਰਾਜਿੰਦਰ ਵਰਮਾ
ਮੋਗਾ/ਭਦੌੜ, 13 ਜੁਲਾਈ
ਜ਼ਿਲ੍ਹਾ ਮੋਗਾ ਦੇ ਪਿੰਡ ਸੈਦੋਕੇ ਅਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਦੇ ਕਿਸਾਨਾਂ ਵਿੱਚ ਖੇਤੀ ਸੈਕਟਰ ਦੀ ਬਿਜਲੀ ਸਪਲਾਈ ਦਾ ਮਾਮਲਾ ਲੰਘੀ ਰਾਤ ਖੂਨੀ ਟਕਰਾਅ ਵਿੱਚ ਬਦਲ ਗਿਆ। ਅੱਜ ਸੈਦੋਕੇ ਵਾਸੀਆਂ ਨੇ ਆਪਣੀ ਜੂਹ ਅੰਦਰ ਅਤੇ ਤਲਵੰਡੀ ਵਾਸੀਆਂ ਨੇ ਭਦੌੜ ਵਿੱਚ ਧਰਨਾ ਲਗਾਇਆ। ਅੱਜ ਸ਼ਾਮ ਨੂੰ ਇਹ ਮਾਮਲਾ ਸੁਲਝਣ ’ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ।
ਇਸ ਮਾਮਲੇ ਵਿੱਚ ਸੈਦੋਕੇ ਵਾਸੀਆਂ ਨੇ ਪਿੰਡ ਤਲਵੰਡੀ ਦੇ ਲੋਕਾਂ ’ਤੇ ਉਨ੍ਹਾਂ ਦੇ ਪਿੰਡ ਦੇ ਨੌਜਵਾਨ ਉੱਤੇ ਟਰੈਕਟਰ ਚੜ੍ਹਾਉਣ ਦਾ ਦੋਸ਼ ਅਤੇ ਤਲਵੰਡੀ ਪਿੰਡ ਦੇ ਲੋਕਾਂ ਨੇ ਸੈਦੋਕੇ ਵਾਸੀਆਂ ਉੱਤੇ ਹਮਲੇ ਦਾ ਦੋਸ਼ ਲਗਾਇਆ ਹੈ ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ਛੇ ਜਣੇ ਜ਼ਖ਼ਮੀ ਹੋ ਗਏ ਹਨ ਜੋ ਹਸਪਤਾਲ ਦਾਖ਼ਲ ਹਨ। ਸੈਦੋਕੇ ਵਾਸੀਆਂ ਨੇ ਦੱਸਿਆ ਕਿ ਨੌਜਵਾਨ ਉੱਤੇ ਟਰੈਕਟਰ ਚੜ੍ਹਾਉਣ ਨਾਲ ਉਸ ਦੀਆਂ ਪੱਸਲੀਆਂ ਟੁੱਟ ਗਈਆਂ ਹਨ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਨ੍ਹਾਂ ਤਲਵੰਡੀ ਵਾਸੀਆਂ ’ਤੇ ਹਮਲੇ ਦੇ ਦੋਸ਼ ਨੂੰ ਝੂਠ ਕਰਾਰ ਦਿੱਤਾ ਹੈ।
ਇਸ ਝਗੜੇ ਮਗਰੋਂ ਨਿਹਾਲ ਸਿੰਘ ਵਾਲਾ ਤੇ ਭਦੌੜ ਪੁਲੀਸ ਤਾਇਨਾਤ ਰਹੀ। ਅੱਜ ਦੇਰ ਸ਼ਾਮ ਇਹ ਮਾਮਲਾ ਮੋਹਤਬਰਾਂ ਨੇ ਸੁਲਝਾ ਦਿੱਤਾ ਅਤੇ ਦੋ ਦਿਨ ਤੋਂ ਪਿੰਡ ਸੈਦੋਕੇ ਦੀ ਜੂਹ ਅੰਦਰ ਲੱਗੇ ਖੰਭੇ ਉੱਤੋਂ ਜੰਪਰ ਸੜਨ ਕਾਰਨ ਬੰਦ ਪਿੰਡ ਤਲਵੰਡੀ ਦੇ ਕਿਸਾਨਾਂ ਦੀ ਖੇਤੀ ਸੈਕਟਰ ਦੀ ਬਿਜਲੀ ਸਪਲਾਈ ਵੀ ਚਾਲੂ ਕਰ ਦਿੱਤੀ ਗਈ। ਡੀਐੱਸਪੀ ਬੱਧਨੀ ਕਲਾਂ ਅਨਵਰ ਅਲੀ ਨੇ ਲੜਾਈ ਝਗੜੇ ਸਣੇ ਸਾਰਾ ਮਾਮਲਾ ਸੁਲਝਾਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੰਪਰ ਲਗਵਾ ਕੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਪਿੰਡ ਸੈਦੋਕੇ ਵਾਸੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਬਿਜਲੀ ਸਪਲਾਈ ਨੇੜਲੇ ਤਲਵੰਡੀ ਗਰਿੱਡ ਤੋਂ ਦਿੱਤੀ ਜਾਵੇ। ਉਨ੍ਹਾਂ ਨੂੰ ਹੁਣ ਬਿਜਲੀ ਸਪਲਾਈ ਪੱਤੋ ਹੀਰਾ ਸਿੰਘ ਪਾਵਰ ਗਰਿੱਡ ਤੋਂ ਦਿੱਤੀ ਜਾ ਰਹੀ ਹੈ। ਇਸ ਦੀ ਦੂਰੀ ਜ਼ਿਆਦਾ ਹੋਣ ਕਾਰਨ ਸੈਦੋਕੇ ਨੂੰ ਵੋਲਟੇਜ ਪੂਰੀ ਨਹੀਂ ਪਹੁੰਚਦੀ। ਇਸ ਮੰਗ ਬਾਬਤ ਪਿੰਡ ਸੈਦੋਕੇ ਵਾਸੀਆਂ ਨੇ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਹੋਇਆ ਹੈ।
ਦੋ ਦਿਨ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਦੇ ਕਿਸਾਨਾਂ ਨੂੰ ਖੇਤੀ ਸੈਕਟਰ ਦੀ ਬਿਜਲੀ ਦੇਣ ਵਾਲੀ ਬਿਜਲੀ ਲਾਈਨ ਦਾ ਸੈਦੋਕੇ ’ਚ ਲੱਗੇ ਖੰਭੇ ਦਾ ਜੰਪਰ ਸੜ ਗਿਆ ਸੀ। ਸੈਦੋਕੇ ਵਾਸੀਆਂ ਨੇ ਪਾਵਰਕੌਮ ਅਧਿਕਾਰੀਆਂ ਵੱਲੋਂ ਇਹ ਜੰਪਰ ਲਗਾਉਣ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀ ਤਲਵੰਡੀ ਗਰਿੱਡ ਤੋਂ ਸਪਲਾਈ ਦੀ ਮੰਗ ਪੂਰੀ ਨਹੀਂ ਹੁੰਦੀ, ਉਹ ਜੰਪਰ ਨਹੀਂ ਲਾਉਣ ਦੇਣਗੇ। ਇਸ ਤੋਂ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ ਜਿਸ ਤੋਂ ਲੰਘੀ ਰਾਤ ਟਕਰਾਅ ਹੋ ਗਿਆ।
ਜ਼ਿਕਰਯੋਗ ਹੈ ਕਿ ਤਲਵੰਡੀ ਵਾਸੀਆਂ ਵੱਲੋਂ ਪਿੰਡ ਦੇ ਗਰਿੱਡ ਤੋਂ ਸੈਦੋਕੇ ਨੂੰ ਸਪਲਾਈ ਨਾ ਦੇਣ ਤੋਂ ਇਨਕਾਰ ਕਰਨ ’ਤੇ ਇਹ ਮਾਮਲਾ ਅਦਾਲਤ ’ਚ ਚੱਲ ਰਿਹਾ ਹੈ। ਇਸ ਤੋਂ ਖ਼ਫ਼ਾ ਹੋ ਕੇ ਹੁਣ ਸੈਦੋਕੇ ਵਾਸੀਆਂ ਵੱਲੋਂ ਦੋ ਦਿਨਾਂ ਤੋਂ ਤਲਵੰਡੀ ਦੇ ਖੇਤਾਂ ਨੂੰ ਜਾਂਦੀ ਸਪਲਾਈ ਵਾਲੇ ਖੰਭੇ ਦੇ ਜੰਪਰ ਜੋੜਨ ਦਾ ਵਿਰੋਧ ਕੀਤਾ ਜਾ ਰਿਹਾ ਸੀ।