ਐੱਨਪੀ ਧਵਨ
ਪਠਾਨਕੋਟ, 30 ਜੂਨ
ਮੁਕਤੇਸ਼ਵਰ ਮੰਦਰ ਦੇ ਪਿੱਛੇ ਵਗਦੇ ਰਾਵੀ ਦਰਿਆ ’ਚ ਨਹਾਉਂਦੇ ਸਮੇਂ ਇਕ 15 ਸਾਲਾ ਲੜਕਾ ਰੁੜ੍ਹ ਗਿਆ। ਬੱਚੇ ਦੀ ਪਛਾਣ ਸੁਰਿਆਂਸ਼ ਉਰਫ ਸਾਹਿਬ ਵਜੋਂ ਕੀਤੀ ਗਈ ਹੈ। ਸੁਰਿਆਂਸ਼ ਆਪਣੇ ਪਰਿਵਾਰ ਦੇ ਨਾਲ ਪਠਾਨਕੋਟ ਤੋਂ ਮੁਕਤੇਸ਼ਵਰ ਮੰਦਿਰ ਵਿੱਚ ਦਰਸ਼ਨ ਕਰਨ ਲਈ ਗਿਆ ਸੀ। ਆਪਣੇ ਤਿੰਨ ਦੋਸਤਾਂ ਨਾਲ ਮੰਦਿਰ ਦੇ ਪਿੱਛੇ ਵਗਦੇ ਰਾਵੀ ਦਰਿਆ ਦੇ ਕਿਨਾਰੇ ਨਹਾਉਣ ਚਲਾ ਗਿਆ। ਸਥਾਨਕ ਲੋਕਾਂ ਦੇ ਅਨੁਸਾਰ, ਦਰਿਆ ਅੰਦਰ ਪਾਣੀ ਦਾ ਪੱਧਰ ਬਹੁਤ ਵਧਿਆ ਹੋਇਆ ਸੀ ਅਤੇ ਵਹਾਅ ਵੀ ਤੇਜ਼ ਸੀ। ਸੁਰਿਆਂਸ਼ ਸੰਤੁਲਨ ਨਹੀਂ ਬਣਾ ਸਕਿਆ ਅਤੇ ਤੇਜ਼ ਵਹਾਅ ਕਾਰਨ ਰੁੜ੍ਹ ਗਿਆ। ਸੂਚਨਾ ਮਿਲਦੇ ਸਾਰ ਸ਼ਾਹਪੁਰਕੰਡੀ ਥਾਣੇ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੁਰਿਆਂਸ਼ ਦੀ ਮਾਤਾ ਰਸ਼ਮੀ ਅਤੇ ਪਿਤਾ ਤਿਰਲੋਕ ਸਣੇ ਮੰਦਿਰ ਕਮੇਟੀ ਅਤੇ ਹੋਰ ਸ਼ਰਧਾਲੂ ਵੀ ਸਦਮੇ ਵਿੱਚ ਹਨ। ਮੰਦਰ ਕਮੇਟੀ ਨੇ ਦੱਸਿਆ ਕਿ ਹਰ ਸਾਲ ਬਰਸਾਤ ਦੌਰਾਨ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਜਾਂਦਾ ਹੈ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਦਰਿਆ ਕੋਲ ਜਾਣ ਵਾਲੀਆਂ ਪੌੜੀਆਂ ਦਾ ਗੇਟ ਵੀ ਬੰਦ ਕੀਤਾ ਗਿਆ ਸੀ ਪਰ ਫਿਰ ਵੀ ਚਾਰ ਨੌਜਵਾਨ ਚੋਰੀ-ਛਿਪੇ ਉੱਥੇ ਪਹੁੰਚ ਗਏ ਅਤੇ ਨਹਾਉਣ ਲੱਗ ਪਏ।
ਐੱਸਐੱਚਓ ਅਮਨਪ੍ਰੀਤ ਕੌਰ ਨੇ ਦੱਸਿਆ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਪਰ ਦਰਿਆ ’ਚ ਪਾਣੀ ਵਧਿਆ ਹੋਣ ਕਾਰਨ ਰੁਕਾਵਟਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਥਿਤੀ ਦੀ ਗੰਭੀਰਤਾ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਐੱਨਡੀਆਰਐੱਫ ਦੀ ਮਦਦ ਲੈਣ ਦੀ ਯੋਜਨਾ ਹੈ।
ਕੁੱਤਿਆਂ ਨੂੰ ਰੋਟੀ ਪਾਉਣ ਗਿਆ ਨੌਜਵਾਨ ਨਦੀ ’ਚ ਡੁੱਬਿਆ
ਚਮਕੌਰ ਸਾਹਿਬ (ਸੰਜੀਵ ਬੱਬੀ): ਇਥੇ ਪਿੰਡ ਖਲੀਲਪੁਰ ਦੇ ਨੌਜਵਾਨ ਦੀ ਸਿਸਵਾਂ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਚੌਕੀ ਬੇਲਾ ਦੇ ਇੰਚਾਰਜ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਬਾਜ ਸਿੰਘ (28) ਪੁੱਤਰ ਜੀਤ ਸਿੰਘ ਵਜੋਂ ਕੀਤੀ ਗਈ ਹੈ। ਨੌਜਵਾਨ ਸਿਸਵਾਂ ਨਦੀ ਦੇ ਪਾਰ ਹੱਡਾ ਰੋੜੀ ਵਿੱਚ ਕੁੱਤਿਆਂ ਨੂੰ ਰੋਟੀ ਪਾਉਣ ਲਈ ਗਿਆ ਸੀ ਤੇ ਵਾਪਸੀ ਵੇਲੇ ਨਦੀ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਨਾਲ ਗਏ ਉਸ ਦੇ ਦੋਸਤ ਜਰਨੈਲ ਸਿੰਘ ਪਿੰਡ ਸੁਰਤਾਪੁਰ ਨੇ ਦੱਸਿਆ ਕਿ ਜਦੋਂ ਉਹ ਕੁੱਤਿਆਂ ਨੂੰ ਰੋਟੀ ਪਾ ਕੇ ਨਦੀ ਵਿੱਚੋਂ ਵਾਪਸ ਆ ਰਿਹਾ ਸੀ ਤਾਂ ਨਦੀ ਵਿੱਚ ਅਚਾਨਕ ਪਾਣੀ ਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਬਾਜ ਸਿੰਘ ਨਦੀ ਦੇ ਵਿਚਕਾਰ ਪੁੱਜਿਆ ਤਾਂ ਉਹ ਡੁੱਬ ਗਿਆ। ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਨੌਜਵਾਨ ਦੀ ਲਾਸ਼ ਨਹੀਂ ਮਿਲ ਸਕੀ।